ਕੈਨੇਡਾ ਦੇ ਮਾਂਟਰੀਅਲ ਵਿੱਚ ਤਿੰਨ ਕਾਲਜਾਂ ਨੂੰ ਦੀਵਾਲੀਆ ਐਲਾਨੇ ਜਾਣ ਤੋਂ ਬਾਅਦ ਤਾਲਾ ਲਗਾ ਦਿੱਤਾ ਗਿਆ ਹੈ। ਇਸ ਨਾਲ ਇਨ੍ਹਾਂ ਕਾਲਜਾਂ ਵਿੱਚ ਲੱਖਾਂ ਡਾਲਰ ਫੀਸ ਭਰ ਚੁੱਕੇ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਅਟਕ ਗਿਆ ਹੈ। ਵਿਦਿਆਰਥੀਆਂ ਨੇ ਕੈਨੇਡਾ ਸਰਕਾਰ ਤੋਂ ਮਾਮਲੇ ਵਿੱਚ ਦਖਲ ਦੇਣ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਸੀਸੀਐਸਕਿਊ ਕਾਲਜ, ਐਮ ਕਾਲਜ ਅਤੇ ਸੀਡੀਈ ਕਾਲਜ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਧੋਖਾਧੜੀ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਸ਼ਹਿਰਾਂ ਵਿੱਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਰਹਿਣਾ ਪੈਂਦਾ ਹੈ। ਵਿਦਿਆਰਥੀ ਆਪਣੀ ਦੁਰਦਸ਼ਾ ਨੂੰ ਸਭ ਦੇ ਸਾਹਮਣੇ ਲਿਆਉਣ ਲਈ ਰੈਲੀਆਂ ਕਰ ਰਹੇ ਹਨ।
ਬੁੱਧਵਾਰ ਨੂੰ ਡਾਊਨਟਾਊਨ ਟੋਰਾਂਟੋ ਦੇ ਬਰੈਂਪਟਨ ਵਿੱਚ ਇੱਕ ਰੈਲੀ ਵਿੱਚ ਨਾਅਰੇਬਾਜ਼ੀ ਕਰ ਰਹੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਚਿੰਤਾ ਸਾਫ਼ ਦਿਖਾਈ ਦਿੱਤੀ। ਉਹ ਕੈਨੇਡੀਅਨ ਸਰਕਾਰ ਦੇ ਦਖਲ ਦੀ ਮੰਗ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਹੋਰ ਕਾਲਜਾਂ ਤੋਂ ਆਪਣੀਆਂ ਡਿਗਰੀਆਂ ਪੂਰੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਬਹੁਤ ਸਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਪੈਸੇ ਖਤਮ ਹੋ ਗਏ ਹਨ ਅਤੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਿਰਧਾਰਤ ਨਿਯਮਾਂ ਅਨੁਸਾਰ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ ਹਨ।
ਪੰਜਾਬ ਦੇ ਲੌਂਗੋਵਾਲ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਨੇ 14 ਹਜ਼ਾਰ ਡਾਲਰ (ਕਰੀਬ ਸਾਢੇ ਦਸ ਲੱਖ ਰੁਪਏ) ਦੀ ਫੀਸ ਐਮ ਕਾਲਜ ਵਿੱਚ ਦਿੱਤੀ, ਉਹ ਦੱਸਦੀ ਹੈ, “ਜਦੋਂ ਮੈਂ 9 ਅਕਤੂਬਰ ਨੂੰ ਕੈਨੇਡਾ ਪਹੁੰਚੀ ਤਾਂ ਮੈਨੂੰ ਦੱਸਿਆ ਗਿਆ ਕਿ ਕਾਲਜ ਵਿੱਚ ਦਾਖ਼ਲੇ ਹਾਲੇ ਘੱਟ ਹਨ, ਇਸ ਲਈ ਜਮਾਤਾਂ ਜਨਵਰੀ ਤੋਂ ਸ਼ੁਰੂ ਹੋ ਜਾਣਗੀਆਂ। ਪਰ, 6 ਜਨਵਰੀ ਨੂੰ, ਵਿਦਿਆਰਥੀਆਂ ਨੂੰ ਇੱਕ ਈ-ਮੇਲ ਮਿਲੀ ਕਿ ਕਾਲਜ ਨੂੰ ਦੀਵਾਲੀਆ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹ ਸਰਾਸਰ ਧੋਖਾ ਹੈ। ਕਰਨਾਲ, ਹਰਿਆਣਾ ਦੇ ਵਸਨੀਕ ਵਿਸ਼ਾਲ ਰਾਣਾ, ਜਿਸ ਨੇ ਸੀਸੀਐਸਕਿਊ ਕਾਲਜ ਵਿੱਚ $24,000 ਦੀ ਫੀਸ ਅਦਾ ਕੀਤੀ ਹੈ, ਕਹਿੰਦਾ ਹੈ, “16 ਮਹੀਨਿਆਂ ਦੇ ਕੋਰਸ ਵਿੱਚ ਸਿਰਫ ਚਾਰ ਮਹੀਨੇ ਬਾਕੀ ਹਨ। ਮੈਨੂੰ ਨਹੀਂ ਪਤਾ ਕਿ ਕਿੱਥੇ ਜਾਣਾ ਹੈ, ਕੀ ਕਰਨਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਰਸ ਪੂਰਾ ਹੋਣ ਦਾ ਸਰਟੀਫਿਕੇਟ ਦਿੱਤਾ ਜਾਵੇ ਤਾਂ ਜੋ ਉਹ ਦੂਜੇ ਕਾਲਜਾਂ ਵਿੱਚ ਦਾਖ਼ਲਾ ਲੈ ਕੇ ਵਰਕ ਪਰਮਿਟ ਲਈ ਅਪਲਾਈ ਕਰ ਸਕਣ। ਧੋਖਾਧੜੀ ਦਾ ਸ਼ਿਕਾਰ ਹੋਏ 700 ਤੋਂ ਵੱਧ ਵਿਦਿਆਰਥੀ ਅਜਿਹੇ ਵੀ ਹਨ, ਜੋ ਇਸ ਸਮੇਂ ਭਾਰਤ ਵਿੱਚ ਰਹਿੰਦਿਆਂ ਆਨਲਾਈਨ ਕਲਾਸਾਂ ਲੈ ਰਹੇ ਸਨ।