Sports

ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ : ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਮਰਦ ਡਬਲਜ਼ ’ਚ ਪਹਿਲਾ ਮੈਡਲ ਕੀਤਾ ਪੱਕਾ

 ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਮਰਦ ਡਬਲਜ਼ ਜੋੜੀ ਨੇ ਸੈਮੀਫਾਈਨਲ ਵਿਚ ਪੁੱਜ ਕੇ ਸ਼ੁੱਕਰਵਾਰ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਮੈਡਲ ਪੱਕਾ ਕਰ ਕੇ ਨਵਾਂ ਇਤਿਹਾਸ ਰਚਿਆ ਪਰ ਐੱਚਐੱਸ ਪ੍ਰਣਯ ਦੀ ਸ਼ਾਨਦਾਰ ਮੁਹਿੰਮ ਕੁਆਰਟਰ ਫਾਈਨਲ ਵਿਚ ਰੁਕ ਗਈ।

ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੀ ਵਿਸ਼ਵ ਵਿਚ ਸੱਤਵੇਂ ਨੰਬਰ ਦੀ ਭਾਰਤੀ ਜੋੜੀ ਨੇ ਬਿਹਤਰੀਨ ਪ੍ਰਦਰਸ਼ਨ ਕਰ ਕੇ ਖ਼ਿਤਾਬ ਦੀ ਮੁੱਖ ਦਾਅਵੇਦਾਰ ਤੇ ਮੌਜੂਦਾ ਚੈਂਪੀਅਨ ਤਾਕੁਰੋ ਹੋਕੀ ਤੇ ਯੂਗੋ ਕੋਬਾਯਾਸ਼ੀ ਦੀ ਵਿਸ਼ਵ ਵਿਚ ਦੂਜੇ ਨੰਬਰ ਦੀ ਜਾਪਾਨੀ ਜੋੜੀ ਨੂੰ 24-22, 15-21, 21-14 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਇਸ ਨਾਲ ਉਨ੍ਹਾਂ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣੇ ਲਈ ਮੈਡਲ ਪੱਕਾ ਕੀਤਾ। ਇਹ ਭਾਰਤ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਡਬਲਜ਼ ਵਿਚ ਦੂਜਾ ਮੈਡਲ ਹੈ। ਇਸ ਤੋਂ ਪਹਿਲਾਂ ਜਵਾਲਾ ਗੱਟਾ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੇ 2011 ਵਿਚ ਮਹਿਲਾ ਡਬਲਜ਼ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ। ਸਾਤਵਿਕ ਤੇ ਚਿਰਾਗ ਨੇ ਵੀ ਆਪਣੇ ਲਈ ਘੱਟੋ-ਘੱਟ ਕਾਂਸੇ ਦਾ ਮੈਡਲ ਪੱਕਾ ਕਰ ਲਿਆ। ਸੈਮੀਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਆਰੋਨ ਚਿਆ ਤੇ ਸੋਹ ਵੂਈ ਯਿਕ ਦੀ ਛੇਵਾਂ ਦਰਜਾ ਹਾਸਲ ਮਲੇਸ਼ਿਆਈ ਜੋੜੀ ਨਾਲ ਹੋਵੇਗਾ। ਭਾਰਤ ਇਕ ਹੋਰ ਮੈਡਲ ਆਪਣੇ ਨਾਂ ਕਰ ਸਕਦਾ ਸੀ ਪਰ ਚੀਨ ਦੇ ਝਾਓ ਜੁਨ ਪੇਂਗ ਨੇ ਤਿੰਨ ਗੇਮ ਤਕ ਚੱਲੇ ਇਕ ਮੈਚ ਵਿਚ ਪ੍ਰਣਯ ਨੂੰ 19-21, 21-6, 21-18 ਨਾਲ ਹਰਾ ਕੇ ਭਾਰਤੀਆਂ ਦਾ ਦਿਲ ਤੋੜ ਦਿੱਤਾ। ਇਸ ਤੋਂ ਪਹਿਲਾਂ ਐੱਮਆਰ ਅਰਜੁਨ ਤੇ ਧਰੁਵ ਕਪਿਲਾ ਦੀ ਜੇਤੂ ਮੁਹਿੰਮ ਤਿੰਨ ਵਾਰ ਦੇ ਗੋਲਡ ਮੈਡਲ ਜੇਤੂ ਮੁਹੰਮਦ ਅਹਿਸਾਨ ਤੇ ਹੇਂਡਰਾ ਸੇਤੀਆਵਾਨ ਦੀ ਜੋੜੀ ਹੱਥੋਂ ਮਰਦ ਡਬਲਜ਼ ਕੁਆਰਟਰ ਫਾਈਨਲ ਵਿਚ ਹਾਰਨ ਨਾਲ ਖ਼ਤਮ ਹੋ ਗਈ। ਗ਼ੈਰ ਦਰਜਾ ਭਾਰਤੀ ਜੋੜੀ ਨੂੰ ਇੰਡੋਨੇਸ਼ੀਆ ਦੀ ਤੀਜਾ ਦਰਜਾ ਹਾਸਲ ਜੋੜੀ ਹੱਥੋਂ 8-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਤਵਿਕ ਤੇ ਚਿਰਾਗ ਮਜ਼ਬੂਤ ਇਰਾਦਿਆਂ ਨਾਲ ਮੈਦਾਨ ’ਤੇ ਉਤਰੇ ਤੇ ਉਨ੍ਹਾਂ ਨੇ ਪਹਿਲੀ ਗੇਮ ਵਿਚ ਸ਼ੁਰੂ ਵਿਚ ਦਬਦਬਾ ਬਣਾਈ ਰੱਖਿਆ। ਭਾਰਤੀ ਜੋੜੀ ਇਕ ਸਮੇਂ 12-5 ਨਾਲ ਅੱਗੇ ਸੀ ਪਰ ਜਾਪਾਨੀ ਜੋੜੀ ਨੇ ਲਗਾਤਾਰ ਸੱਤ ਅੰਕ ਬਣਾ 16-14 ਨਾਲ ਬੜ੍ਹਤ ਹਾਸਲ ਕਰ ਲਈ। ਭਾਰਤੀ ਜੋੜੀ ਨੇ ਜੁਝਾਰੂਪਨ ਦਿਖਾ ਕੇ ਪਹਿਲੀ ਗੇਮ ਆਪਣੇ ਨਾਂ ਕੀਤੀ। ਤਾਕੁਰੋ ਤੇ ਯੂਗੋ ਨੇ ਦੂਜੀ ਗੇਮ ਵਿਚ 9-9 ਦੀ ਬਰਾਬਰੀ ਨਾਲ ਸ਼ਾਨਦਾਰ ਵਾਪਸੀ ਕੀਤੀ ਤੇ ਇਹ ਗੇਮ ਜਿੱਤ ਕੇ ਮੁਕਾਬਲੇ ਨੂੰ ਫ਼ੈਸਲਾਕੁਨ ਗੇਮ ਤਕ ਖਿੱਚ ਦਿੱਤਾ। ਭਾਰਤੀ ਜੋੜੀ ਨੇ ਇਸ ਤੋਂ ਬਾਅਦ ਮੁੜ ਚੰਗੀ ਖੇਡ ਦਿਖਾਈ ਤੇ ਬ੍ਰੇਕ ਤਕ 11-5 ਨਾਲ ਬੜ੍ਹਤ ਹਾਸਲ ਕਰ ਲਈ। ਸਾਤਵਿਕ ਤੇ ਚਿਰਾਗ ਨੇ ਜਲਦ ਹੀ ਇਸ ਨੂੰ 14-8 ਕਰ ਦਿੱਤਾ। ਭਾਰਤੀਆਂ ਨੇ ਇੱਥੇ ਨੈੱਟ ’ਤੇ ਫਾਊਲ ਕੀਤਾ ਤੇ ਇਕ ਅੰਕ ਗੁਆਇਆ ਪਰ ਉਹ ਤੁਰੰਤ ਹੀ ਸਕੋਰ 16-9 ਕਰਨ ਵਿਚ ਕਾਮਯਾਬ ਰਹੇ। ਯੂਗੋ ਨੇ ਇਸ ਤੋਂ ਬਾਅਦ ਕੁਝ ਸ਼ਾਨਦਾਰ ਸ਼ਾਟ ਲਾਏ ਜਿਨ੍ਹਾਂ ਵਿਚ ਇਕ ਤਾਕਤਵਰ ਸਮੈਸ਼ ਅਤੇ ਇਕ ਕ੍ਰਾਸ ਕੋਰਟ ਰਿਟਰਨ ਵੀ ਸ਼ਾਮਲ ਹੈ। ਇਸ ਨਾਲ ਜਾਪਾਨੀ ਜੋੜ ਨੇ ਤਿੰਨ ਅੰਕ ਬਣਾਏ ਪਰ ਇਸ ਤੋਂ ਬਾਅਦ ਉਨ੍ਹਾਂ ਦੇ ਦੋ ਸ਼ਾਟ ਬਾਹਰ ਚਲੇ ਗਏ ਜਿਸ ਨਾਲ ਭਾਰਤੀ ਜੋੜੀ 19-13 ਨਾਲ ਅੱਗੇ ਹੋ ਗਈ। ਭਾਰਤੀਆਂ ਕੋਲ ਜਲਦ ਹੀ ਸੱਤ ਮੈਚ ਪੁਆਇੰਟ ਸਨ ਤੇ ਉਨ੍ਹਾਂ ਨੇ ਯੂਗੋ ਦੀ ਗ਼ਲਤੀ ਨਾਲ ਮੈਚ ਆਪਣੇ ਨਾਂ ਕਰਨ ਵਿਚ ਦੇਰ ਨਹੀਂ ਕੀਤੀ।

Related posts

ਕਿ੍ਰਕਟ ਤੋਂ ਬਾਅਦ ਹੁਣ ਸਾਊਥ ਫਿਲਮ ਇੰਡਸਟਰੀ ’ਚ ਧੋਨੀ ਦੀ Entry, ਕਰਨਗੇ ਫੈਮਿਲੀ ਡਰਾਮਾ ਫਿਲਮ ਦਾ ਨਿਰਮਾਣ

Gagan Oberoi

Thomas Cup : ਇਤਿਹਾਸਕ ਜਿੱਤ ‘ਤੇ ਟੀਮ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ, PM ਤੇ ਖੇਡ ਮੰਤਰੀ ਸਮੇਤ ਹੋਰਨਾਂ ਨੇ ਦਿੱਤੀ ਵਧਾਈ

Gagan Oberoi

Ind vs SL: ਰਵਿੰਦਰ ਜਡੇਜਾ ਬਣੇ ਟੈਸਟ ‘ਚ ਨੰਬਰ ਇਕ ਆਲਰਾਊਂਡਰ, ਵੈਸਟਇੰਡੀਜ਼ ਦੇ ਇਸ ਖਿਡਾਰੀ ਨੂੰ ਛੱਡਿਆ ਪਿੱਛੇ

Gagan Oberoi

Leave a Comment