ਨਵੀਂ ਦਿੱਲੀ,- ਭਾਰਤੀ ਵਿਦੇਸ਼ ਮੰਤਰਾਲੇ ਦੀ ਕੋਵਿਡ ਸੈੱਲ ਇਕਾਈ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਅਤੇ ਕੁਵੈਤ ਨੇ ਨਜਾਇਜ਼ ਢੰਗ ਨਾਲ ਰਹਿਣ ਕਾਰਨ ਪਿਛਲੇ ਇੱਕ ਸਾਲ ਦੌਰਾਨ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਜ਼ਾਰਾਂ ਭਾਰਤੀਆਂ ਨੂੰ ਕੋਰੋਨਾ ਦੇ ਚਲਦਿਆਂ ਸਪੈਸ਼ਲ ਉਡਾਣਾਂ ਰਾਹੀਂ ਡਿਪੋਰਟ ਕੀਤਾ ਹੈ।
ਇਕੱਲੇ ਅਮਰੀਕਾ ਤੇ ਕੁਵੈਤ ਨੇ 4 ਹਜ਼ਾਰ ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਕੁਝ ਭਾਰਤੀ ਐਮਨੈਸਟੀ ਉਡਾਣਾਂ ਰਾਹੀਂ ਵੀ ਵਤਨ ਪਰਤੇ। ਵਿਦੇਸ਼ ਮੰਤਰਾਲੇ ਦੁਆਰਾ ਤਿਆਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ‘ਵੰਦੇ ਭਾਰਤ ਮਿਸ਼ਨ’ ਤਹਿਤ ਪਿਛਲੇ ਸਾਲ 7 ਮਈ ਨੂੰ ਮਹਾਂਮਾਰੀ ਕਾਰਨ ਵਿਦੇਸ਼ਾਂ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੰਮ ਸ਼ੁਰੂ ਕੀਤਾ ਗਿਆ ਸੀ।
ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਉਡਾਣਾਂ ਜ਼ਿਆਦਾਤਰ ਕੁਵੈਤ ਸਰਕਾਰ ਦੁਆਰਾ ਅਪ੍ਰੇਟ ਕੀਤੀਆਂ ਗਈਆਂ। ਇਸ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਭਾਰਤ ਭੇਜਿਆ ਗਿਆ, ਜੋ ਦੇਸ਼ ਵਿੱਚ ਆਪਣੇ ਵੀਜ਼ੇ ਦੀ ਸਮਾਪਤ ਬਾਅਦ ਵੀ ਨਜਾਇਜ਼ ਢੰਗ ਨਾਲ ਰਹਿ ਰਹੇ ਸਨ। ਇਨ੍ਹਾਂ ਐਮਨੈਸਟੀ ਉਡਾਣਾਂ ਲਈ ਕੁਵੈਤ ਸਰਕਾਰ ਨੇ ਭੁਗਤਾਨ ਕੀਤਾ ਅਤੇ ਇਹ ਵੀ ਸੰਕੇਤ ਦਿੱਤਾ ਕਿ ਭਾਰਤ ਪਰਤਣ ’ਤੇ ਇਹ ਲੋਕ ਵਰਕ ਵੀਜ਼ਾ ਲਈ ਫਿਰ ਤੋਂ ਅਪਲਾਈ ਕਰ ਸਕਦੇ ਹਨ। ਉੱਥੇ ਭਾਰਤ ਪਰਤਣ ਵਾਲੇ ਲੋਕਾਂ ਦੀ ਇੱਕ ਹੋਰ ਕੈਟਾਗਰੀ ਵਿੱਚ ਉਹ ਲੋਕ ਸਨ, ਜਿਨ੍ਹਾਂ ਨੂੰ ਦੂਜੇ ਦੇਸ਼ਾਂ ਵਿੱਚ ਜੇਲ੍ਹ ਦੀ ਸਜ਼ਾ ਪੂਰੀ ਹੋਣ ’ਤੇ ਵਾਪਸ ਭਾਰਤ ਲਿਆਂਦਾ ਗਿਆ।