International

Second hand smoke: ਸਿਗਰਟ ਪੀਣ ਵਾਲਿਆਂ ਤੋਂ ਰਹੋ ਦੂਰ, ਧੂੰਏ ਨਾਲ ਵੀ ਹੋ ਸਕਦੈ ਕੈਂਸਰ! ਅਧਿਐਨ ‘ਚ ਚਿਤਾਵਨੀ

ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਵਿਚ ਕੈਂਸਰ ਹੋਣ ਦਾ ਖਤਰਾ ਤਾਂ ਰਹਿੰਦਾ ਹੀ ਹੈ। ਪਰ ਅਧਿਐਨ ਦੱਸਦੇ ਹਨ ਕਿ ਸਿਗਰਟ ਪੀਣ ਵਾਲਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਵਿਚ ਕੈਂਸਰ ਹੋਣ ਦਾ ਉਸ ਤੋਂ ਵੀ ਵਧੇਰੇ ਖਤਰਾ ਰਹਿੰਦਾ ਹੈ। ਅੰਕੜੇ ਦੱਸਦੇ ਹਨ ਕਿ ਦੁਨੀਆਭਰ ਵਿਚ ਸੈਕੇਂਡ ਹੈਂਡ ਸਮੋਕਿੰਗ ਜਾਂ ਪੈਸਿਵ ਸਮੋਕਿੰਗ ਦੇ ਸ਼ਿਕਾਰ ਲੋਕਾਂ ਦੀ ਤਾਦਾਦ ਵਿਚ ਵਾਧਾ ਹੋ ਰਿਹਾ ਹੈ। ਸਪੱਸ਼ਟ ਤੌਰ ਉੱਤੇ ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕ ਧੂੰਏ ਨਾਲ ਬੀਮਾਰ ਪੈ ਰਹੇ ਹਨ। ਇਸ ਲਈ ਅਧਿਐਨਕਾਰਾਂ ਨੇ ਸਿਗਰਟਨੋਸ਼ੀ ਕਰਨ ਵਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਸਿਗਰਟਨੋਸ਼ੀ ਕਰਨ ਵਾਲਿਆਂ ਦੇ ਨੇੜੇ ਰਹਿਣਾ ਜਾਨਲੇਵਾ

ਹਾਲ ਹੀ ਵਿਚ ਅਮਰੀਕਾ ਦੇ ਦ ਲੈਂਸੇਟ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਪਾਇਆ ਗਿਆ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਵਿਚ ਕੈਂਸਰ ਦਾ ਖਤਰਾ ਵਧੇਰੇ ਹੁੰਦਾ ਹੈ। ਸੈਕੇਂਡ ਹੈਂਡ ਸਿਗਰਟਨੋਸ਼ੀ ਕੈਂਸਰ ਜਿਹੀ ਜਾਨਲੇਵਾ ਬੀਮਾਰੀ ਦੇ ਲਈ ਦੱਸਵਾਂ ਸਭ ਤੋਂ ਵੱਡਾ ਜੋਖਿਮ ਕਾਰਕ ਹੈ।

ਅਮਰੀਕਾ ਦੇ ਵਾਸ਼ਿੰਗਟਨ ਯੂਨੀਵਰਸਿਟੀ ਖੋਜਕਾਰਾਂ ਨੇ ਮੰਨਿਆ ਕਿ ਰੋਜ਼ਾਨਾ ਸਿਗਰਟਨੋਸ਼ੀ ਕਰਨ ਵਾਲੇ ਦੇ ਨਾਲ ਰਹਿਣ ਵਾਲੇ ਸਾਰੇ ਵਿਅਕਤੀ ਤੰਬਾਕੂ ਦੇ ਧੂੰਏ ਦੇ ਸੰਪਰਕ ਵਿਚ ਰਹਿੰਦੇ ਹਨ। ਅਧਿਐਨ ਵਿਚ ਪਾਇਆ ਗਿਆ ਹੈ ਕਿ ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ ਤੇ ਉੱਚ ਬਾਡੀ ਮਾਸ ਇੰਡੈਕਸ (ਬੀਐੱਮਆਈ), ਕੈਂਸਰ ਹੋਣ ਦੇ ਸਭ ਤੋਂ ਵੱਡੇ ਕਾਰਕ ਹਨ। ਇਸ ਤੋਂ ਇਲਾਵਾ ਅਸੁਰੱਖਿਅਤ ਯੌਨ ਸਬੰਧ, ਹਵਾ ਪ੍ਰਦੂਸ਼ਣ ਕਣ, ਐਸਬੇਟਸ ਐਕਸਪੋਜ਼ਰ, ਭੋਜਨ ਵਿਚ ਸਾਬਤ ਅਨਾਜ ਤੇ ਦੁੱਧ ਦੀ ਕਮੀ ਤੇ ਸੈਕੇਂਡ ਹੈਂਡ ਸਿਗਰਟਨੋਸ਼ੀ ਕੈਂਸਰ ਹੋਣ ਦਾ ਮੁੱਖ ਕਾਰਕ ਹੈ।

ਮੌਤ ਨੂੰ ਬੜਾਵਾ ਦਿੰਦੀ ਹੈ ਸਿਗਰਟਨੋਸ਼ੀ

ਗਲੋਬਲ ਬਰਡਨ ਆਫ ਡਿਜ਼ੀਜ਼, ਇੰਜਰੀ ਐਂਡ ਰਿਸਕ ਫੈਕਟਰਸ (GBD) 2019 ਦੇ ਅਧਿਐਨ ਦੇ ਨਤੀਜਿਆਂ ਦੀ ਵਰਤੋਂ ਕਰਦੇ ਹੋਏ ਖੋਜਕਾਰਾਂ ਨੇ ਜਾਂਚ ਵਿਚ ਪਤਾ ਲਾਇਆ ਕਿ ਕਿਵੇਂ 34 ਵਿਵਹਾਰਿਕ, ਮੈਟਾਬੋਲਿਕ, ਵਾਤਾਵਰਣ ਤੇ ਵਪਾਰਕ ਜੋਖਿਮ ਕਾਰਕਾਂ ਨੇ 2019 ਵਿਚ 23 ਤਰ੍ਹਾਂ ਦੇ ਕੈਂਸਰ ਦੇ ਕਾਰਨ ਮੌਤਾਂ ਤੇ ਬੀਮਾਰੀ ਵਿਚ ਯੋਗਦਾਨ ਦਿੱਤਾ।

ਜੋਖਿਮ ਕਾਰਕਾਂ ਦੇ ਕਾਰਨ 2010 ਤੇ 2019 ਦੇ ਵਿਚਾਲੇ ਕੈਂਸਰ ਦੇ ਬੋਝ ਵਿਚ ਬਦਲਾਅ ਦਾ ਵੀ ਅੰਦਾਜ਼ਾ ਲਾਇਆ ਗਿਆ। ਕੈਂਸਰ ਦੇ ਬੋਝ ਦਾ ਅਨੁਮਾਨ ਮੌਤ ਦਰ ਤੇ ਅਪੰਗਤਾ ਵਿਵਸਥਿਤ ਜੀਵਨ ਸਾਲ (ਡੀਏਐੱਲਵਾਈ) ਉੱਤੇ ਆਧਾਰਿਤ ਸੀ, ਜੋ ਮੌਤ ਦੇ ਕਾਰਨ ਜੀਵਨ ਦੇ ਸਾਲਾਂ ਤੇ ਅਪੰਗਤਾ ਦੇ ਨਾਲ ਰਹਿਣ ਵਾਲੇ ਸਾਲਾਂ ਦਾ ਇਕ ਨਤੀਜਾ ਸੀ। ਖੋਜਕਾਰਾਂ ਨੇ ਦੱਸਿਆ ਕਿ ਇਨ੍ਹਾਂ ਕਾਰਕਾਂ ਦੇ ਕਾਰਨ ਸਾਲ 2019 ਵਿਚ 3.7 ਮਿਲੀਅਨ ਲੋਕਾਂ ਦੀ ਮੌਤ ਹੋਈ।

ਬੱਚੇ ਤੇ ਬਾਲਗ ਹੁੰਦੇ ਹਨ ਪ੍ਰਭਾਵਿਤ

ਦੱਸ ਦਈਏ ਕਿ ਸੈਕੇਂਡ ਹੈਂਡ ਸਮੋਕ ਸਿਗਰਟ, ਸਿਗਾਰ, ਹੁੱਕਾ ਜਾਂ ਪਾਈਪ ਜਿਹੇ ਤੰਬਾਕੂ ਉਤਪਾਦਾਂ ਨੂੰ ਜਲਾਉਣ ਨਾਲ ਨਿਕਲਣ ਵਾਲਾ ਧੂੰਆ ਹੈ। ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਵਲੋਂ ਕੱਢੇ ਜਾਣ ਵਾਲੇ ਧੂੰਏ ਨੂੰ ਵੀ ਸੈਕੇਂਡ ਹੈਂਡ ਸਮੋਕ ਕਹਿੰਦੇ ਹਨ। ਜਨਤਕ ਸਥਾਨਾਂ ਉੱਤੇ, ਜਿਵੇਂ ਦਫਤਰ, ਬਾਰ, ਰੈਸਤਰਾਂ ਤੇ ਕੈਸੀਨੋ ਦੇ ਨਾਲ-ਨਾਲ ਹੋਰ ਥਾਵਾਂ ਉੱਤੇ ਵੀ ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕ ਸੈਕੇਂਡ ਹੈਂਡ ਧੂੰਏ ਦੇ ਸੰਪਰਕ ਵਿਚ ਆਉਂਦੇ ਹਨ। ਸੈਕੇਂਡ ਹੈਂਡ ਧੂੰਆ ਬੱਚਿਆਂ ਤੇ ਬਾਲਗਾਂ ਵਿਚ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਕਦੇ-ਕਦੇ ਇਹ ਜ਼ਿਆਦਾ ਘਾਤਕ ਵੀ ਹੋ ਸਕਦਾ ਹੈ।

ਸਿਗਰਟ ‘ਚ ਸੈਂਕੜੇ ਜ਼ਹਿਰੀਲੇ ਰਸਾਇਣ

ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਮੁਤਾਬਕ, ਤੰਬਾਕੂ ਦੇ ਧੂੰਏ ਵਿਚ 7000 ਤੋਂ ਵਧੇਰੇ ਰਸਾਇਣ ਹੁੰਦੇ ਹਨ, ਜਿਨ੍ਹਾਂ ਵਿਚ ਸੈਂਕੜੇ ਜ਼ਹਿਰੀਲੇ ਰਸਾਇਣ ਹੁੰਦੇ ਹਨ। ਇਨ੍ਹਾਂ ਵਿਚ ਤਕਰੀਬਨ 70 ਅਜਿਹੇ ਰਸਾਇਣ ਹੁੰਦੇ ਹਨ ਜੋ ਕੈਂਸਰ ਦਾ ਕਾਰਣ ਬਣ ਸਕਦੇ ਹਨ। ਅੰਕੜਿਆਂ ਦੀ ਮੰਨੀਏ ਤਾਂ ਸਾਲ 1964 ਦੇ ਬਾਅਦ ਤੋਂ, ਸਿਗਰਟਨੋਸ਼ੀ ਨਾ ਕਰਨ ਵਾਲੇ ਤਕਰੀਬਨ 25 ਲੱਖ ਲੋਕ ਸੈਕੇਂਡ ਹੈਂਡ ਧੂੰਏ ਦੇ ਸੰਪਰਕ ਵਿਚ ਆਉਣ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਕਾਰਨ ਮਰ ਚੁੱਕੇ ਹਨ।

Related posts

PKO Bank Polski Relies on DXC Technology to Make Paying for Parking Easier

Gagan Oberoi

ਭਾਰਤ ਤੋਂ ਹਰ ਰੋਜ਼ 10 ਲੱਖ ਆਂਡੇ ਦਰਾਮਦ ਕਰੇਗਾ ਸ੍ਰੀਲੰਕਾ, ਦੇਸ਼ ਦੀ ਪ੍ਰਮੁੱਖ ਏਜੰਸੀ ਨੇ ਦਿੱਤੀ ਇਹ ਜਾਣਕਾਰੀ

Gagan Oberoi

ਕੋਰੋਨਾ ਮਹਾਮਾਰੀ ਕਾਰਨ ਥੱਕ ਚੁੱਕਿਆ ਹੈ ਅਮਰੀਕਾ : ਬਾਇਡੇਨ

Gagan Oberoi

Leave a Comment