ਕੋਵਿਡ ਦੇ ਓਮੀਕ੍ਰੋਨ ਵੇਰੀਐਂਟ (Omicron Variant) ਦੌਰਾਨ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ‘ਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। 5.83 ਲੱਖ ਵੋਟਰਾਂ ‘ਚੋਂ ਸਿਰਫ਼ 21,083 ਲੋਕਾਂ ਨੇ ਹੀ ਆਪਣੀ ਵੋਟ ਪਾਈ ਹੈ। ਇੰਨਾ ਹੀ ਨਹੀਂ, 160 ਕੋਵਿਡ ਮਰੀਜ਼ਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਅਪਲਾਈ ਕੀਤਾ ਸੀ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਪੋਸਟਲ ਬੈਲਟ ਦੀ ਵਰਤੋਂ ਨਹੀਂ ਕੀਤੀ। ਸੂਬੇ ‘ਚ ਕੁੱਲ 5,83,157 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇੱਛਾ ਪ੍ਰਗਟਾਈ ਸੀ ਜਿਨ੍ਹਾਂ ਵਿੱਚੋਂ 21,083 ਨੇ ਪੰਜਾਬ ਵਿੱਚ ਪੋਸਟਲ ਵੋਟ ਦੀ ਵਰਤੋਂ ਕੀਤੀ ਹੈ। ਇਹ ਸਿਰਫ਼ 3.61 ਫ਼ੀਸਦ ਹੀ ਬਣਦਾ ਹੈ।
ਧਿਆਨ ਰਹੇ ਕਿ ਭਾਰਤੀ ਚੋਣ ਕਮਿਸ਼ਨ (ECI) ਨੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ, 40 ਪ੍ਰਤੀਸ਼ਤ ਤੋਂ ਵੱਧ ਦਿਵਿਆਂਗਾਂ ਤੇ ਕੋਵਿਡ-19 ਮਰੀਜ਼ਾਂ ਨੂੰ ਘਰ ਬੈਠੇ ਡਾਕ ਰਾਹੀਂ ਵੋਟ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ। ਸੂਬੇ ‘ਚ 80 ਸਾਲ ਤੋਂ ਵੱਧ ਉਮਰ ਵਰਗ ਦੇ 4,44,721 ਵੋਟਰਾਂ ਨੂੰ ਨਿਰਧਾਰਤ ਫਾਰਮ ਜਾਰੀ ਕੀਤੇ ਗਏ ਜਿਨ੍ਹਾਂ ਵਿੱਚੋਂ 16,342 (3.67 ਫੀਸ) ਨੇ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕੀਤਾ। ਦਿਵਿਆਂਗ ਸ਼੍ਰੇਣੀ ਅਧੀਨ ਆਉਣ ਵਾਲੇ 1,38,116 ਵੋਟਰਾਂ ‘ਚੋਂ 4,741 ਨੇ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਈ। ਜਿਨ੍ਹਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਈ ਹੈ, ਉਹ ਹੁਣ ਵੋਟਰ ਪੋਲਿੰਗ ਸਟੇਸ਼ਨ ‘ਤੇ ਆਪਣੀ ਆਮ ਵੋਟ ਨਹੀਂ ਪਾ ਸਕਣਗੇ। ਨਿਯਮਾਂ ਅਨੁਸਾਰ ਰਿਟਰਨਿੰਗ ਅਫ਼ਸਰ ਵੱਲੋਂ ਵੋਟਰਾਂ ਨੂੰ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਵੱਲੋਂ ਨਿਰਧਾਰਤ ਫਾਰਮ ਦਿੱਤੇ ਜਾਂਦੇ ਹਨ।
ਇੱਛੁਕ ਵੋਟਰਾਂ ਦੇ ਭਰੇ ਹੋਏ ਫਾਰਮ ਇਕੱਠੇ ਕਰ ਕੇ ਆਰ.ਓ. ਕੋਲ ਜਮ੍ਹਾਂ ਕਰ ਦਿੱਤੇ ਜਾਂਦੇ ਹਨ। ਜਿਨ੍ਹਾਂ ਨੇ ਪੋਸਟਲ ਬੈਲਟ ਦੀ ਸਹੂਲਤ ਲਈ ਚੋਣ ਨਹੀਂ ਕੀਤੀ, ਉਹ ਕਮਿਸ਼ਨ ਵੱਲੋਂ ਪ੍ਰਦਾਨ ਕੀਤੀ ਟਰਾਂਸਪੋਰਟ ਸੇਵਾ ਲੈ ਕੇ ਵੋਟ ਪਾ ਸਕਦੇ ਹਨ। ਪੋਲਿੰਗ ਸਟੇਸ਼ਨਾਂ ‘ਤੇ ਅੰਗਹੀਣਾਂ ਲਈ ਘੱਟੋ-ਘੱਟ ਇਕ ਵ੍ਹੀਲ ਚੇਅਰ ਹੋਵੇਗੀ। ਅੰਗਹੀਣਾਂ ਦੀ ਸਹੂਲਤ ਲਈ ਹਰੇਕ ਬੂਥ ‘ਤੇ 10 ਵਲੰਟੀਅਰ ਤਾਇਨਾਤ ਕੀਤੇ ਜਾਣਗੇ। ਸੂਬੇ ਭਰ ‘ਚ 14,684 ਥਾਵਾਂ ‘ਤੇ 24,740 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪੰਜਾਬ ‘ਚ ਕੁੱਲ 2,14,99,804 ਵੋਟਰ ਹਨ। ਜਿਨ੍ਹਾਂ ਵਿੱਚੋਂ 1,12,98,081 ਪੁਰਸ਼, 1,12,98,081 ਔਰਤਾਂ ਅਤੇ 727 ਹੋਰ ਸ਼੍ਰੇਣੀਆਂ ਹਨ। ਪੰਜਾਬ ਵਿੱਚ ਕੁੱਲ 7,834 ਵੋਟਰ ਹਨ। ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਹੈ। ਲੁਧਿਆਣਾ ਵਿੱਚ 1045, ਤਰਨਤਾਰਨ ਵਿੱਚ 754, ਅੰਮ੍ਰਿਤਸਰ ਵਿੱਚ 741, ਜਲੰਧਰ ਵਿੱਚ 692, ਹੁਸ਼ਿਆਰਪੁਰ ਵਿੱਚ 624, ਗੁਰਦਾਸਪੁਰ ਵਿੱਚ 604, ਪਟਿਆਲਾ ਵਿੱਚ 518, ਫਿਰੋਜ਼ਪੁਰ ਵਿੱਚ 347, ਸੰਗਰੂਰ ਵਿੱਚ 277, ਮੋਹਾਲੀ ਵਿੱਚ 203 ਅਤੇ ਬਠਿੰਡਾ ਵਿੱਚ 200 ਵੋਟਰ ਹਨ।