ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਨਗਰ ਟੋਰਾਂਟੋ ਦੇ ਉੱਪ–ਨਗਰ ਬਰੈਂਪਟਨ ‘ਚ ਐਤਵਾਰ ਸਵੇਰੇ ਗੋਲ਼ੀਆਂ ਚੱਲਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੀਲ ਪੁਲਿਸ ਅਨੁਸਾਰ ਇਹ ਵਾਰਦਾਤ ਐਤਵਾਰ ਵੱਡੇ ਤੜਕੇ ਦੋ ਵਜੇ ਕੁਈਨ ਸਟ੍ਰੀਟ ਈਸਟ ਲਾਗਲੇ ਗੇਟਵੇਅ ਬੂਲੇਵਾਰਡ ‘ਤੇ ਵਾਪਰੀ।
ਜਦੋਂ ਪੁਲਿਸ ਮੌਕੇ ‘ਤੇ ਪੁੱਜੀ, ਤਾਂ ਉੱਥੇ ਗੋਲ਼ੀਆਂ ਨਾਲ ਵਿੰਨ੍ਹੇ ਦੋ ਵਿਅਕਤੀ ਪਏ ਮਿਲੇ, ਜਿਨ੍ਹਾਂ ਵਿੱਚੋਂ ਇੱਕ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ ਤੇ ਦੂਜੇ ਜ਼ਖ਼ਮੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਵਾਰਦਾਤ ਕਰਕੇ ਮੂੰਹ–ਹਨੇਰੇ ਵੱਡੀ ਗਿਣਤੀ ‘ਚ ਪੁਲਿਸ ਉੱਥੇ ਵੇਖੀ ਗਈ। ਖ਼ਬਰ ਲਿਖੇ ਜਾਣ ਤਕ ਪੁਲਿਸ ਨੇ ਹਮਲਾਵਰਾਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਬਰੈਂਪਟਨ ਇਲਾਕੇ ‘ਚ ਅਪਰਾਧਕ ਵਾਰਦਾਤਾਂ ਬਹੁਤ ਵਧ ਗਈਆਂ ਹਨ, ਜਿਸ ਤੋਂ ਸਥਾਨਕ ਪ੍ਰਸ਼ਾਸਨ ਸੁਭਾਵਕ ਤੌਰ ‘ਤੇ ਫ਼ਿਕਰਮੰਦ ਹੈ। ਇੱਥੇ ਇਹ ਵੀ ਦੱਸ ਦੇਈਏ ਪੀਲ ਖੇਤਰ ਦੇ ਪ੍ਰਮੁੱਖ ਖੇਤਰਾਂ ਮਿਸੀਸਾਗਾ ਤੇ ਬਰੈਂਪਟਨ ‘ਚ ਪੰਜਾਬੀਆਂ ਦੀ ਵੱਡੀ ਗਿਣਤੀ ਵੱਸਦੀ ਹੈ।
ਪੀਲ ਪੁਲਿਸ ਦੀ 2018 ਦੀ ਸਾਲਾਨਾ ਰਿਪੋਰਟ ‘ਚ ਵੀ ਅਪਰਾਧਕ ਗਤੀਵਿਧੀਆਂ ਵਧਣ ਦਾ ਜ਼ਿਕਰ ਕੀਤਾ ਗਿਆ ਸੀ। ਉਸ ਵਰ੍ਹੇ 26 ਕਤਲ ਹੋਏ ਸਨ, ਜੋ ਉਸ ਤੋਂ ਪਿਛਲੇ ਸਾਲ 2017 ਦੇ ਮੁਕਾਬਲੇ 63 ਫ਼ੀ ਸਦੀ ਵੱਧ ਸਨ। ਇੰਝ ਹੀ 2018 ‘ਚ ਸ਼ਰਾਰਤੀ ਅਨਸਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕੀਤੇ ਜਾਣ ਦੀਆਂ 242 ਵਾਰਦਾਤਾਂ ਵਾਪਰੀਆਂ ਸਨ, ਜੋ ਸਾਲ 2017 ਦੇ ਮੁਕਾਬਲੇ 55 ਫ਼ੀ ਸਦੀ ਵੱਧ ਸਨ। ਉਸੇ ਵਰ੍ਹੇ 53 ਹੋਰ ਵਿਅਕਤੀ ਗੋਲ਼ੀਬਾਰੀ ਦੇ ਸ਼ਿਕਾਰ ਹੋਏ, ਜੋ ਉਸ ਤੋਂ ਪਿਛਲੇ ਸਾਲ 2017 ਦੇ ਮੁਕਾਬਲੇ 33 ਫ਼ੀ ਸਦੀ ਜ਼ਿਆਦਾ ਸਨ।
ਇਸ ਤੋਂ ਇਲਾਵਾ ਹਾਈਵੇਅ ‘ਤੇ ਆਵਾਜਾਈ ਦੀ ਉਲੰਘਣਾ ਦੇ ਦੋਸ਼ 232 ਵਿਅਕਤੀਆਂ ਵਿਰੁੱਧ ਆਇਦ ਕੀਤੇ ਗਏ। ਸੜਕ ਹਾਦਸਿਆਂ ‘ਚ 41 ਵਿਅਕਤੀ ਮਾਰੇ ਗਏ, ਜੋ ਸਾਲ 2017 ਦੇ ਮੁਕਾਬਲੇ 43 ਫ਼ੀ ਸਦੀ ਵੱਧ ਸਨ।
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਰੈਂਪਟਨ, ਮਿਸੀਸਾਗਾ ਤੇ ਪੀਲ ਦੇ ਹੋਰ ਖੇਤਰਾਂ ‘ਚ ਨਸ਼ਿਆਂ, ਹਮਉਮਰਾਂ ਦੇ ਦਬਾਅ, ਬੇਰੁਜ਼ਗਾਰੀ, ਪਰਿਵਾਰਕ ਸਥਿਤੀਆਂ ਕਾਰਨ ਅਪਰਾਧਕ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।
ਪਿਛਲੇ 10 ਕੁ ਸਾਲਾਂ ‘ਚ ਪੀਲ ਖੇਤਰ ਦੀ ਆਬਾਦੀ 5 ਲੱਖ ਤੋਂ ਵਧ ਕੇ 8 ਲੱਖ ਹੋ ਗਈ ਹੈ। ਮਾਰਚ 2019 ਦੌਰਾਨ ਪੀਲ ਪੁਲਿਸ ਨੇ 129 ਖ਼ਤਰਨਾਕ ਹਥਿਆਰ ਤੇ 269 ਪੌਂਡ ਗੋਲ਼ੀ–ਸਿੱਕਾ ਬਰਾਮਦ ਕੀਤੇ ਸਨ। ਇਸ ਤੋਂ ਪਹਿਲਾਂ ਇਤਿਹਾਸ ਵਿੱਚ ਇਸ ਇਲਾਕੇ ‘ਚ ਇੰਨੀ ਵੱਡੀ ਮਾਤਰਾ ‘ਚ ਅਸਲਾ ਕਦੇ ਨਹੀਂ ਫੜਿਆ ਗਿਆ ਸੀ।