ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ ਅੱਜ 27 ਜੁਲਾਈ ਨੂੰ 7ਵੀਂ ਬਰਸੀ ਹੈ। ਉਹ ਦੇਸ਼ ਦੇ 11ਵੇਂ ਰਾਸ਼ਟਰਪਤੀ ਸਨ। ਡਾਕਟਰ ਏਪੀਜੇ ਅਬਦੁਲ ਕਲਾਮ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਇਕ ਮਹਾਨ ਏਅਰੋਸਪੇਸ ਵਿਗਿਆਨੀ ਵੀ ਸਨ। ਉਨ੍ਹਾਂ ਨੇ ਵਿਗਿਆਨ ਤੇ ਖ਼ਾਸ ਕਰਕੇ ਮਿਜ਼ਾਈਲਾਂ ਦੇ ਖੇਤਰ ਵਿਚ ਜੋ ਮਹਾਨ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ, ਜਿਸ ਲਈ ਉਨ੍ਹਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ।
ਵਿਗਿਆਨ ਨਾਲ ਜੁੜਿਆ ਉਨ੍ਹਾਂ ਦਾ ਕਰੀਅਰ
ਡਾਕਟਰ ਏਪੀਜੇ ਅਬਦੁਲ ਕਲਾਮ ਦਾ ਜਨਮ ਤੇ ਪਾਲਣ-ਪੋਸ਼ਣ ਤਾਮਿਲਨਾਡੂ ਦੇ ਰਾਮੇਸ਼ਰਮ ਵਿਚ ਹੋਇਆ ਸੀ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ 1954 ’ਚ ਭੌਤਿਕ ਵਿਗਿਆਨ ਵਿਚ ਗ੍ਰੈਜੂਏਸ਼ਨ ਪੂਰੀ ਕੀਤੀ। ਫਿਰ ਉਹ ਮਦਰਾਸ ਇੰਸਟੀਚਿਊਟ ਆਫ ਤਕਨਾਲੋਜੀ ਵਿਚ ਏਅਰੋਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ 1955 ਵਿਚ ਮਦਰਾਸ ਚਲੇ ਗਏ।
ਫਿਰ ਅਬਦੁਲ ਕਲਾਮ ਰੱਖਿਆ ਖੋਜ ਤੇ ਵਿਕਾਸ ਸੇਵਾ (ਡੀਆਰਡੀਐੱਸ) ਦੇ ਮੈਂਬਰ ਬਣੇ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਛੋਟੇ ਹੋਵਰਕ੍ਰਾਫਟ ਨੂੰ ਡਿਜ਼ਾਈਨ ਕਰ ਕੇ ਕੀਤੀ। ਅਬਦੁਲ ਕਲਾਮ ਪ੍ਰਸਿੱਧ ਪੁਲਾੜ ਵਿਗਿਆਨੀ ਵਿਕਰਮ ਸਾਰਾਭਾਈ ਅਧੀਨ ਕੰਮ ਕਰ ਰਹੀ INCOSPAR ਟੀਮ ਦਾ ਵੀ ਹਿੱਸਾ ਸਨ। ਫਿਰ ਸਾਲ 1969 ਵਿਚ ਕਲਾਮ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵਿਚ ਤਬਦੀਲ ਕਰ ਦਿੱਤਾ ਗਿਆ। ਇੱਥੇ ਉਹ ਭਾਰਤ ਦੇ ਪਹਿਲੇ ਸੈਟੇਲਾਈਟ ਲਾਂਚ ਵਾਹਨ SLV-III ਦੇ ਪ੍ਰਾਜੈਕਟ ਡਾਇਰੈਕਟਰ ਸਨ, ਜਿਨ੍ਹਾਂ ਨੇ ਜੁਲਾਈ 1980 ਵਿਚ ਰੋਹਿਨੀ ਉਪਗ੍ਰਹਿ ਨੂੰ ਧਰਤੀ ਦੇ ਨੇੜੇ-ਨੇੜੇ ਪੰਧ ’ਚ ਸਫਲਤਾ ਪੂਰਵਕ ਤਾਇਨਾਤ ਕੀਤਾ ਸੀ।
ਏਪੀਜੇ ਅਬਦੁਲ ਕਲਾਮ ਨੇ 40 ਸਾਲ ਤਕ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਿਚ ਇਕ ਵਿਗਿਆਨੀ ਅਤੇ ਵਿਗਿਆਨ ਪ੍ਰਸ਼ਾਸਕ ਵਜੋਂ ਬਿਤਾਏ। ਇਸ ਦੇ ਨਾਲ ਹੀ ਉਹ ਭਾਰਤ ਦੇ ਸਿਵਲੀਅਨ ਸਪੇਸ ਪ੍ਰੋਗਰਾਮ ਅਤੇ ਮਿਲਟਰੀ ਮਿਜ਼ਾਈਲ ਵਿਕਾਸ ਦੇ ਯਤਨਾਂ ’ਚ ਵੀ ਸ਼ਾਮਿਲ ਸਨ।
– ਡਾ. ਏਪੀਜੇ ਅਬਦੁਲ ਕਲਾਮ ਨੇ ਅਗਨੀ ਅਤੇ ਪਿ੍ਰਥਵੀ ਮਿਜ਼ਾਈਲਾਂ ਦੇ ਵਿਕਾਸ ਅਤੇ ਸੰਚਾਲਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।