ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਬੰਬ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੁਣ 21 ਹੋ ਗਈ ਹੈ। ਕਾਬੁਲ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਵੀ ਵਧੀ ਹੈ। ਇਸ ਧਮਾਕੇ ‘ਚ ਕੁੱਲ 33 ਲੋਕ ਜ਼ਖਮੀ ਹੋਏ ਹਨ। ਦੱਸ ਦੇਈਏ ਕਿ ਬੁੱਧਵਾਰ ਨੂੰ ਮਸਜਿਦ ‘ਚ ਨਮਾਜ਼ ਦੇ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ‘ਚ ਤਾਲਿਬਾਨ ਦੇ ਕੰਟਰੋਲ ‘ਚ ਇਕ ਸਾਲ ਪੂਰਾ ਹੋ ਗਿਆ ਹੈ। ਅਜਿਹੇ ‘ਚ ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ‘ਚ ਬੰਬ ਧਮਾਕਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਕਾਬੁਲ ਵਿਚ ਬੀਤੇ ਵੀਰਵਾਰ ਨੂੰ ਹੋਏ ਬੰਬ ਧਮਾਕੇ ਵਿਚ ਤਾਲਿਬਾਨ ਦਾ ਇਕ ਪ੍ਰਮੁੱਖ ਨੇਤਾ ਮਾਰਿਆ ਗਿਆ ਸੀ। ਮਾਰੇ ਗਏ ਤਾਲਿਬਾਨ ਨੇਤਾ ਦੀ ਪਛਾਣ ਰਹੀਮਉੱਲ੍ਹਾ ਹੱਕਾਨੀ ਵਜੋਂ ਹੋਈ ਹੈ।
ਧਮਾਕੇ ਬਾਰੇ ਚਸ਼ਮਦੀਦਾਂ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਇਹ ਆਤਮਘਾਤੀ ਹਮਲਾ ਸੀ। ਇਸ ਧਮਾਕੇ ਵਿੱਚ ਮੌਲਵੀ ਮੁੱਲਾ ਅਮੀਰ ਮੁਹੰਮਦ ਕਾਬੁਲੀ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਸ ਹਾਦਸੇ ‘ਚ 40 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੇ ਹਸਪਤਾਲ ਵਿੱਚ ਕਰੀਬ 27 ਲੋਕਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜਿਸ ‘ਚ ਪੰਜ ਬੱਚੇ ਵੀ ਸ਼ਾਮਲ ਹਨ।ਤਾਲਿਬਾਨ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਕਾਬੁਲ ਵਿੱਚ ਇੱਕ ਮਸਜਿਦ ਦੇ ਅੰਦਰ ਧਮਾਕੇ ਦੀ ਪੁਸ਼ਟੀ ਕੀਤੀ, ਪਰ ਮਰਨ ਵਾਲਿਆਂ ਜਾਂ ਜ਼ਖਮੀਆਂ ਬਾਰੇ ਵੇਰਵੇ ਨਹੀਂ ਦਿੱਤੇ। ਤਾਲਿਬਾਨ ਵੱਲੋਂ ਜਾਰੀ ਬਿਆਨ ਨੇ ਇਸ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ।