ਟੈਕਸਸ- : 29 ਮਾਈਗ੍ਰੈਂਟਸ ਨੂੰ ਲਿਜਾ ਰਹੀ ਵੈਨ ਬੁੱਧਵਾਰ ਨੂੰ ਦੂਰ ਦਰਾਜ ਦੇ ਦੱਖਣੀ ਟੈਕਸਸ ਦੇ ਹਾਈਵੇਅ ਉੱਤੇ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਡਰਾਈਵਰ ਸਮੇਤ 10 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖ਼ਮੀ ਹੋ ਗਏ। ਵੈਨ ਲੋੜੋਂ ਵੱਧ ਭਰੀ ਹੋਈ ਸੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਇਹ ਹਾਦਸਾ ਬੁੱਧਵਾਰ ਦੁਪਹਿਰੇ 4:00 ਵਜੇ ਮੈਕਐਲਨ ਤੋਂ 50 ਮੀਲ ਉੱਤਰ ਵੱਲ ਐਨਸਿਨੋ, ਟੈਕਸਸ ਵਿੱਚ ਯੂਐਸ 281 ਉੱਤੇ ਹੋਇਆ। ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਸਾਰਜੈਂਟ ਨਥਾਨ ਬ੍ਰੈਂਡਲੇ ਨੇ ਦੱਸਿਆ ਕਿ ਵੈਨ ਸਿਰਫ 15 ਵਿਅਕਤੀਆਂ ਨੂੰ ਬਿਠਾਉਣ ਲਈ ਬਣੀ ਹੋਈ ਸੀ ਪਰ ਉਸ ਵਿੱਚ ਲੋੜੋਂ ਵੱਧ ਸਵਾਰੀਆਂ ਬਿਠਾਈਆਂ ਗਈਆਂ।ਵੈਨ ਦੀ ਰਫਤਾਰ ਵੀ ਕਾਫੀ ਜਿ਼ਆਦਾ ਸੀ ਤੇ ਜਦੋਂ ਡਰਾਈਵਰ ਨੇ ਹਾਈਵੇਅ ਛੱਡ ਕੇ ਬਿਜ਼ਨਸ ਰੂਟ 281 ਉੱਤੇ ਜਾਣ ਦੀ ਕੋਸਿ਼ਸ਼ ਕੀਤੀ ਤਾਂ ਵੈਨ ਬੇਕਾਬੂ ਹੋ ਕੇ ਇੱਕ ਖੰਭੇ ਤੇ ਸਟੌਪ ਸਾਈਨ ਨਾਲ ਜਾ ਟਕਰਾਈ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵੈਨ ਵਿੱਚ ਸਾਰੇ ਮਾਈਗ੍ਰੈਂਟਸ ਹੀ ਸਵਾਰ ਸਨ। ਬ੍ਰੈਂਡਲੇ ਨੇ ਦੱਸਿਆ ਕਿ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 11 ਦੱਸੀ ਗਈ ਸੀ ਪਰ ਬਾਅਦ ਵਿੱਚ ਸੋਧ ਕੇ 10 ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ 20 ਹੋਰ ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ।
previous post