ਨੈਨੀਤਾਲ- ਉੱਤਰਾਖੰਡ ਹਾਈ ਕੋਰਟ ਨੇ ਸਥਾਨਕ ਲੋਕਾਂ ਲਈ ਇਕ ਜੁਲਾਈ ਤੋਂ ਚਾਰ ਧਾਮ ਯਾਤਰਾ ਸ਼ੁਰੂ ਕਰਨ ਦੇ ਰਾਜ ਸਰਕਾਰ ਦੇ ਫੈਸਲੇ ਨੂੰ ਪਲਟ ਕੇ ਇਸ ਉੱਤੇ ਰੋਕ ਲਾ ਦਿੱਤੀ ਹੈ।
ਚੀਫ ਜਸਟਿਸ ਆਰ ਐੱਸ ਚੌਹਾਨ ਅਤੇ ਜਸਟਿਸ ਆਲੋਕ ਕੁਮਾਰ ਵਰਮਾ ਦੀ ਬੈਂਚ ਨੇਕੋਵਿਡ-19 ਦੀ ਮਾਰ ਦੇ ਦੌਰਾਨ ਹੋ ਰਹੀ ਇਸ ਚਾਰ ਧਾਮ ਯਾਤਰਾ ਦੌਰਾਨ ਸੈਲਾਨੀਆਂ ਤੇ ਸ਼ਰਧਾਲੂਆਂ ਲਈ ਰਾਜ ਸਰਕਾਰ ਦੇ ਪ੍ਰਬੰਧਾਂ ਉੱਤੇਕਾਫੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਰਾਜਸਰਕਾਰਦਾ ਉਹ ਫੈਸਲਾ ਰੋਕ ਦਿੱਤਾ ਹੈ, ਜਿਸ ਵਿੱਚ ਚਮੋਲੀ, ਰੁਦਰਪ੍ਰਯਾਗ ਅਤੇ ਉੱਤਰਕਾਸ਼ੀ ਜਿ਼ਲਿਆਂ ਦੇ ਲੋਕਾਂ ਨੂੰ ਇਕ ਜੁਲਾਈ ਤੋਂ ਹਿਮਾਲਿਆਈ ਤੀਰਥਾਂ ਦੇ ਦਰਸ਼ਨਾਂ ਦੀ ਖੁੱਲ੍ਹਦਿੱਤੀ ਗਈ ਸੀ।
ਵਰਨਣ ਯੋਗ ਹੈ ਕਿ ਉੱਤਰਾ ਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਪ੍ਰਧਾਨਗੀ ਵਿੱਚਬੀਤੀ 25 ਜੂਨ ਨੂੰ ਰਾਜ ਸਰਕਾਰ ਦੀ ਬੈਠਕ ਵਿੱਚ ਇਕ ਜੁਲਾਈ ਤੋਂ ਉਨ੍ਹਾਂ ਜਿ਼ਲਿਆਂ ਦੇ ਲੋਕਾਂ ਨੂੰ ਮੰਦਰਾਂ ਦੇ ਦਰਸ਼ਨ ਕਰਨ ਦੀ ਖੁੱਲ੍ਹ ਦੇਣ ਦਾ ਫੈਸਲਾ ਹੋਇਆ ਸੀ, ਜਿਥੇ ਉਹ ਰਹਿੰਦੇ ਹਨ। ਚਮੋਲੀ ਜਿ਼ਲੇ ਦੇ ਲੋਕਾਂ ਨੂੰ ਬਦਰੀਨਾਥ, ਰੁਦਰਪ੍ਰਯਾਗ ਜਿ਼ਲੇ ਦੇ ਲੋਕਾਂ ਨੂੰ ਕੇਦਾਰਨਾਥ ਅਤੇ ਉੱਤਰਕਾਸ਼ੀ ਜਿ਼ਲੇ ਦੇ ਲੋਕਾਂ ਨੂੰ ਗੰਗੋਤਰੀ ਤੇ ਯਮੁਨੋਤਰੀ ਮੰਦਰ ਦੇ ਦਰਸ਼ਨਾਂ ਦੀ ਖੁੱਲ੍ਹਦਿੱਤੀ ਗਈ ਸੀ। ਹਾਈ ਕੋਰਟ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਯਾਤਰਾ ਚਲਾਉਣ ਵਿੱਚ ਖਤਰੇ ਨਾਲ ਸਬੰਧਤ ਇਕ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਰੋਕ ਲਾਈ ਹੈ। ਇਸ ਮੌਕੇਹਾਈ ਕੋਰਟ ਨੇ ਤੀਰਥ ਸਥਾਨਾਂ ਨਾਲ ਜੁੜੀਆਂ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨਰੱਖਦੇ ਹੋਏ ਸਰਕਾਰ ਨੂੰ ਮੰਦਰਾਂ ਵਿੱਚ ਚੱਲਦੀਆਂ ਰਸਮਾਂ ਤੇ ਸਮਾਰੋਹਾਂ ਦਾ ਪੂਰੇ ਦੇਸ਼ ਵਿੱਚ ਸਿੱਧਾ ਟੈਲੀਕਾਸਟ ਕਰਨ ਦਾ ਪ੍ਰਬੰਧ ਕਰਨ ਨੂੰ ਕਿਹਾ ਹੈ। ਅਦਾਲਤ ਨੇ ਕਿਹਾ ਕਿ ਕੁਝ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣ ਦੀ ਬਜਾਏ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਤੋਂ ਸਾਰਿਆਂ ਨੂੰ ਬਚਾਉਣਾ ਵੱਧ ਜ਼ਰੂਰੀ ਹੈ।