ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐੱਚ-1ਬੀ ਵੀਜ਼ੇ ਸਮੇਤ ਰੁਜ਼ਗਾਰ ਦੇਣ ਵਾਲੇ ਹੋਰ ਵੀਜ਼ਿਆਂ ‘ਤੇ ਰੋਕ ਲਗਾਉਣ ਦਾ ਵਿਚਾਰ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਭਾਰਤ ਨੂੰ ਹੋਵੇਗਾ ਕਿਉਂਕਿ ਭਾਰਤ ਦੇ ਹਜ਼ਾਰਾਂ ਆਈਟੀ ਪੇਸ਼ੇਵਰਾਂ ਵਿਚ ਸਭ ਤੋਂ ਜ਼ਿਆਦਾ ਮੰਗ ਇਸੇ ਵੀਜ਼ੇ ਦੀ ਹੈ। ਇਸ ਪ੍ਰਸਤਾਵ ਨੂੰ ਕੋਰੋਨਾ ਕਾਰਨ ਅਮਰੀਕਾ ਵਿਚ ਫੈਲੀ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
‘ਦ ਵਾਲ ਸਟ੍ਰੀਟ ਜਰਨਲ’ ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਖ਼ਬਰ ਮੁਤਾਬਿਕ ਅਮਰੀਕੀ ਸਰਕਾਰ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਸਾਲ ਤੋਂ ਰੁਜ਼ਗਾਰ ਨਾਲ ਜੁੜੇ ਵੀਜ਼ੇ ‘ਤੇ ਰੋਕ ਲਗਾ ਸਕਦੀ ਹੈ। ਇਸੇ ਸਮੇਂ ਕਈ ਨਵੇਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਅਖ਼ਬਾਰ ਨੇ ਇਹ ਖ਼ਬਰ ਟਰੰਪ ਪ੍ਰਸ਼ਾਸਨ ਨਾਲ ਜੁੜੇ ਇਕ ਅਧਿਕਾਰੀ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਹੈ ਪ੍ਰੰਤੂ ਉਸ ਅਧਿਕਾਰੀ ਦਾ ਨਾਂ ਨਹੀਂ ਦੱਸਿਆ ਹੈ। ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ ਦੇਸ਼ ਦੇ ਬਾਹਰ ਤੋਂ ਕਿਸੇ ਵੀ ਨਵੇਂ ਐੱਚ-1ਬੀ ਵੀਜ਼ਾਧਾਰਕ ਦੇ ਕੰਮ ਕਰਨ ‘ਤੇ ਤਦ ਤਕ ਲਈ ਪਾਬੰਦੀ ਲੱਗ ਸਕਦੀ ਹੈ ਜਦੋਂ ਤਕ ਰੋਕ ਹਟਾਈ ਨਹੀਂ ਜਾਂਦੀ ਹੈ। ਹਾਲਾਂਕਿ ਜੋ ਲੋਕ ਅਮਰੀਕਾ ਵਿਚ ਪਹਿਲੇ ਤੋਂ ਐੱਚ-1ਬੀ ਵੀਜ਼ੇ ‘ਤੇ ਕੰਮ ਕਰ ਰਹੇ ਹਨ ਉਨ੍ਹਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ।
ਉਧਰ, ਵ੍ਹਾਈਟ ਹਾਊਸ ਨੇ ਇਸ ਪ੍ਰਸਤਾਵ ‘ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਅਜੇ ਇਸ ਵਿਸ਼ੇ ‘ਤੇ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ ਹੈ ਅਤੇ ਟਰੰਪ ਪ੍ਰਸ਼ਾਸਨ ਵੱਖ-ਵੱਖ ਬਦਲਾਂ ‘ਤੇ ਵਿਚਾਰ ਕਰ ਰਿਹਾ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਹੋਗਨ ਗਿਡਲੇ ਨੇ ਇਕ ਬਿਆਨ ਵਿਚ ਕਿਹਾ ਕਿ ਟਰੰਪ ਪ੍ਰਸ਼ਾਸਨ ਅਮਰੀਕੀ ਲੋਕਾਂ ਦੇ ਰੁਜ਼ਗਾਰ ਦੀ ਰੱਖਿਆ ਲਈ ਕਰੀਅਰ ਮਾਹਿਰਾਂ ਵੱਲੋਂ ਸੁਝਾਏ ਗਏ ਵੱਖ-ਵੱਖ ਬਦਲਾਂ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਅਜੇ ਤਕ ਕਿਸੇ ਵੀ ਪ੍ਰਕਾਰ ਦਾ ਅੰਤਿਮ ਫ਼ੈਸਲਾ ਨਹੀਂ ਹੋਇਆ ਹੈ। ਐੱਚ-1ਬੀ ਵੀਜ਼ੇ ਦੇ ਇਲਾਵਾ ਜਿਨ੍ਹਾਂ ਹੋਰ ਵੀਜ਼ਿਆਂ ‘ਤੇ ਰੋਕ ਲਗਾਈ ਜਾ ਸਕਦੀ ਹੈ ਉਨ੍ਹਾਂ ਵਿਚ ਘੱਟ ਮਿਆਦ ਲਈ ਜਾਰੀ ਹੋਣ ਵਾਲੇ ਐੱਚ2ਬੀ ਵੀਜ਼ੇ, ਜੇ1ਵੀਜ਼ਾ ਅਤੇ ਐੱਲ1ਵੀਜ਼ਾ ਸ਼ਾਮਲ ਹੈ। ਇਸ ਦੌਰਾਨ ਅਮਰੀਕੀ ਚੈਂਬਰਸ ਆਫ ਕਾਮਰਸ ਦੇ ਸੀਈਓ ਥਾਮਸ ਡਾਨਹਿਊ ਨੇ ਪ੍ਰਸਤਾਵ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਟਰੰਪ ਨੂੰ ਵੀਰਵਾਰ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਪੂਰੀ ਤਰ੍ਹਾਂ ਉਭਰਨ ਪਿੱਛੋਂ ਜਦੋਂ ਅਰਥਚਾਰਾ ਰਫ਼ਤਾਰ ਪਕੜੇਗਾ ਤਾਂ ਉਸ ਸਮੇਂ ਮਾਹਿਰ ਕਰਮਚਾਰੀਆਂ ਦੀ ਕਮੀ ਵੱਡੀ ਰੁਕਾਵਟ ਬਣ ਸਕਦੀ ਹੈ।