News

ਵਿੰਬਲਡਨ ਤੇ ਫਰੈਂਚ ਓਪਨ ਛੱਡਣ ਲਈ ਤਿਆਰ ਜੋਕੋਵਿਕ, ਨੋਵਾਕ ਨੇ ਕਿਹਾ, ਟੀਕਾਕਰਨ ਖ਼ਿਲਾਫ਼ ਨਹੀਂ ਪਰ ਸਾਰਿਆਂ ਨੂੰ ਆਪਣੇ ਲਈ ਫ਼ੈਸਲੇ ਦਾ ਹੱਕ

ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਜੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਜ਼ਰੂਰੀ ਹੋਇਆ ਤਾਂ ਉਹ ਫਰੈਂਚ ਓਪਨ ਤੇ ਵਿੰਬਲਡਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਰਹਿਣ ਲਈ ਤਿਆਰ ਹਨ। ਬੀਬੀਸੀ ਨਾਲ ਗੱਲ ਕਰਦੇ ਹੋਏ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਜੋਕੋਵਿਕ ਨੇ ਕਿਹਾ ਕਿ ਉਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਦੋ ਗਰੈਂਡ ਸਲੈਮ ਤੇ ਕਈ ਹੋਰ ਟੂਰਨਾਮੈਂਟ ਵਿਚ ਨਾ ਖੇਡ ਕੇ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਹਨ। ਜੋਕੋਵਿਕ ਨੇ ਕਿਹਾ ਕਿ ਉਹ ਟੀਕਾਕਰਨ ਦੇ ਵਿਰੋਧ ਵਿਚ ਨਹੀਂ ਹਨ ਤੇ ਟੀਕਾ ਵਿਰੋਧੀ ਪ੍ਰਚਾਰ ਤੋਂ ਵੀ ਦੂਰੀ ਬਣਾ ਕੇ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਦੀ ਨਹੀਂ ਕਿਹਾ ਕਿ ਮੈਂ ਅਜਿਹੇ ਕਿਸੇ ਅੰਦੋਲਨ ਦਾ ਹਿੱਸਾ ਹਾਂ। ਸਾਰਿਆਂ ਨੂੰ ਆਪਣੇ ਬਾਰੇ ਫ਼ੈਸਲੇ ਦਾ ਜਾਂ ਕਹਿਣ ਦਾ ਹੱਕ ਹੈ ਕਿ ਉਹ ਖ਼ੁਦ ਲਈ ਕੀ ਸਹੀ ਮੰਨਦਾ ਹੈ। ਇਹ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਸਰੀਰ ਵਿਚ ਕੀ ਜਾਣਾ ਚਾਹੀਦਾ ਹੈ ਤੇ ਮੇਰੇ ਲਈ ਇਹ ਜ਼ਰੂਰੀ ਹੈ। ਜੋਕੋਵਿਕ ਨੇ ਕਿਹਾ ਕਿ ਸਾਰੀ ਸੂਚਨਾ ਮਿਲਣ ਤੋਂ ਬਾਅਦ ਮੈਂ ਟੀਕਾ ਨਾ ਲਗਵਾਉਣ ਦਾ ਫ਼ੈਸਲਾ ਕੀਤਾ। ਮੈਂ ਆਪਣੇ ਫ਼ੈਸਲੇ ਦੇ ਨਤੀਜਿਆਂ ਨੂੰ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਜੇ ਮੇਰਾ ਟੀਕਾਕਰਨ ਨਾ ਹੋਇਆ ਤਾਂ ਮੈਂ ਹੁਣ ਵੱਧ ਟੂਰਨਾਮੈਂਟਾਂ ਲਈ ਯਾਤਰਾ ਨਹੀਂ ਕਰ ਸਕਾਂਗਾ। ਮੈਂ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਹਾਂ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਵਿੰਬਲਡਨ ਤੋਂ ਵੀ ਹਟਣ ਲਈ ਤਿਆਰ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਕਿਉਂਕਿ ਮੇਰੇ ਸਰੀਰ ਵਿਚ ਕੀ ਜਾਵੇਗਾ ਇਸ ਫ਼ੈਸਲੇ ਤੋਂ ਵਧ ਕੇ ਮੇਰੇ ਲਈ ਕੋਈ ਖ਼ਿਤਾਬ ਜਾਂ ਕੁਝ ਵੀ ਮਹੱਤਵਪੂਰਨ ਨਹੀਂ ਹੈ। ਜੋਕੋਵਿਕ ਨੇ 2021 ਸਮੇਤ ਕੁੱਲ ਦੋ ਵਾਰ ਫਰੈਂਚ ਓਪਨ ਤੇ ਛੇ ਵਾਰ ਵਿੰਬਲਡਨ ਦਾ ਖ਼ਿਤਾਬ ਜਿੱਤਿਆ ਹੈ।

ਆਸਟ੍ਰੇਲੀਆ ’ਚ ਕੋਈ ਨਿਯਮ ਨਹੀਂ ਤੋੜਿਆ : ਆਸਟ੍ਰੇਲੀਆ ’ਚੋਂ ਬਾਹਰ ਕੱਢੇ ਜਾਣ ’ਤੇ ਨੰਬਰ ਇਕ ਖਿਡਾਰੀ ਨੇ ਕਿਹਾ ਕਿ ਲੋਕ ਇਹ ਨਹੀਂ ਜਾਣਦੇ ਹਨ ਕਿ ਮੈਨੂੰ ਆਸਟ੍ਰੇਲੀਆ ਤੋਂ ਇਸ ਆਧਾਰ ’ਤੇ ਨਹੀਂ ਕੱਢਿਆ ਗਿਆ ਕਿਉਂਕਿ ਮੈਂ ਟੀਕਾ ਨਹੀਂ ਲਗਵਾਇਆ ਸੀ ਜਾਂ ਕੋਈ ਨਿਯਮ ਤੋੜੇ ਸਨ। ਮੈਨੂੰ ਇਸ ਲਈ ਕੱਢਿਆ ਗਿਆ ਕਿਉਂਕ ਇੰਮੀਗ੍ਰੇਸ਼ਨ ਮੰਤਰੀ ਨੇ ਆਪਣੇ ਖ਼ਾਸ ਹੱਕ ਦਾ ਇਸਤੇਮਾਲ ਕੀਤਾ ਤੇ ਇਸ ਅੰਦਾਜ਼ੇ ’ਤੇ ਮੇਰਾ ਵੀਜ਼ਾ ਰੱਦ ਕੀਤਾ ਕਿ ਮੈਂ ਸ਼ਾਇਦ ਦੇਸ਼ ਜਾਂ ਸ਼ਹਿਰ ਵਿਚ ਟੀਕਾਕਰਨ ਖ਼ਿਲਾਫ਼ ਮਾਹੌਲ ਬਣਾ ਸਕਦਾ ਹਾਂ ਜੋ ਪੂਰੀ ਤਰ੍ਹਾਂ ਨਾਲ ਗ਼ਲਤ ਹੈ। ਮੈਂ ਆਸਟ੍ਰੇਲੀਆ ਵਿਚ ਪ੍ਰਵੇਸ਼ ਜਾਂ ਇਸ ਪ੍ਰਕਿਰਿਆ ਲਈ ਕਦੀ ਆਪਣੇ ਖ਼ਾਸ ਹੱਕ ਦਾ ਇਸਤੇਮਾਲ ਨਹੀਂ ਕੀਤਾ। ਮੈਂ ਹਮੇਸ਼ਾ ਨਿਯਮਾਂ ਦਾ ਪਾਲਣ ਕੀਤਾ।

ਕਾਰਲੋਸ ਪ੍ਰੀ ਕੁਆਰਟਰ ਫਾਈਨਲ ’ਚ

ਰੀਓ ਡੀ ਜਨੇਰੀਓ (ਏਪੀ) : ਸਪੇਨ ਦੇ ਕਾਰਲੋਸ ਅਲਕਾਰੇਜ ਨੇ ਹਮਵਤਨ ਜਾਉਮੇ ਮੁਨਾਰ ਨੂੰ ਹਰਾ ਕੇ ਰੀਓ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਦੁਨੀਆ ਦੇ 29ਵੇਂ ਨੰਬਰ ਦੇ ਖਿਡਾਰੀ ਅਲਕਾਰੇਜ ਨੇ ਇਸ ਕਲੇ ਟੂਰਨਾਮੈਂਟ ਵਿਚ ਮੁਨਾਰ ਖ਼ਿਲਾਫ਼ 2-6, 6-2, 6-1 ਨਾਲ ਜਿੱਤ ਦਰਜ ਕੀਤੀ। ਹੋਰ ਮੁਕਾਬਲਿਆਂ ਵਿਚ ਸਪੇਨ ਦੇ ਪਾਬਲੋ ਏਂਡੂਜਾਰ ਨੇ ਉਰੁਗੂਏ ਦੇ ਪਾਬਲੋ ਕਿਊਵਾਸ ਨੂੰ 7-6 (2) 7-5 ਨਾਲ ਮਾਤ ਦਿੱਤੀ ਜਦਕਿ ਸਪੇਨ ਦੇ ਹੀ ਪੇਡ੍ਰੋ ਮਾਰਟੀਨੇਜ ਨੇ ਚੀਨ ਦੇ ਸ਼ੈਂਗ ਜੁਚੈਂਗ ਨੂੰ 6-3, 6-4 ਨਾਲ ਮਾਤ ਦਿੱਤੀ।

ਮਿਲਮੈਨ ਨੇ ਕ੍ਰੇਸੀ ਨੂੰ ਹਰਾਇਆ

ਡੇਲਰੇ ਬੀਚ (ਏਪੀ) : ਆਸਟ੍ਰੇਲੀਆ ਦੇ ਜਾਨ ਮਿਲਮੈਨ ਨੇ ਡੇਲਰੇ ਬੀਚ ਓਪਨ ਟੈਨਿਸ ਟੂਰਨਾਮੈਂਟ ਵਿਚ ਪਹਿਲਾ ਉਲਟਫੇਰ ਕਰਦੇ ਹੋਏ ਇੱਥੇ ਅੱਠਵਾਂ ਦਰਜਾ ਹਾਸਲ ਅਮਰੀਕਾ ਦੇ ਮੈਕਸਿਮ ਕ੍ਰੇਸੀ ਨੂੰ ਹਰਾਇਆ। ਮਿਲਮੈਨ ਨੇ ਲਗਭਗ ਤਿੰਨ ਘੰਟੇ ਚੱਲੇ ਮੁਕਾਬਲੇ ਵਿਚ 6-7 (2), 7-6, (2), 7-6 (3) ਨਾਲ ਜਿੱਤ ਦਰਜ ਕੀਤੀ। ਹੋਰ ਮੁਕਾਬਲਿਆਂ ਵਿਚ ਬਰੈਂਡਨ ਨਾਕਾਸ਼ਿਮਾ ਨੇ ਸਾਥੀ ਅਮਰੀਕੀ ਡੇਨਿਸ ਕੁਡਲਾ ਨੂੰ 6-1, 6-1 ਨਾਲ ਹਰਾਇਆ ਜਦਕਿ ਜਰਮਨੀ ਦੇ ਆਸਕਰ ਓਟੇ ਨੇ ਜਾਪਾਨ ਦੇ ਯੋਸ਼ੀਹੀਤੋ ਨਿਸ਼ੀਓਕਾ ਨੂੰ 7-6 (8), 6-3 ਨਾਲ ਮਾਤ ਦਿੱਤੀ। ਇਟਲੀ ਦੇ ਆਂਦਰੀਆਸ ਸੇਪੀ ਨੇ ਜਰਮਨੀ ਦੇ ਪੀਟਰ ਗੇਜੋਵਿਕ ਨੂੰ 7-5, 6-4 ਨਾਲ ਹਰਾਇਆ।

Related posts

22 ਮਈ ਨੂੰ ਖੋਲ੍ਹੇ ਜਾਣੇ ਹਨ ਹੇਮਕੁੰਟ ਸਾਹਿਬ ਤੇ ਲੋਕਪਾਲ ਲਛਮਣ ਦੇ ਕਿਵਾੜ,ਰੋਜ਼ਾਨਾ 5000 ਸ਼ਰਧਾਲੂ ਟੇਕ ਸਕਣਗੇ ਮੱਥਾ

Gagan Oberoi

ਵਿਦੇਸ਼ ਤੋਂ ਭਾਰਤ ਆਉਣ ਵਾਲਿਆਂ ਲਈ ਆਈਸੋਲੇਸ਼ਨ ਦੀ ਸ਼ਰਤ ਖ਼ਤਮ

Gagan Oberoi

ਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ

Gagan Oberoi

Leave a Comment