ਉੱਤਰੀ ਮੈਕਸੀਕੋ ਦੇ ਇਕ ਚਰਚ ‘ਚ ਬੰਦੂਕਧਾਰੀਆਂ ਨੇ ਦੋ ਪਾਦਰੀਆਂ ਸਮੇਤ ਤਿੰਨ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਮਾਰਿਆ ਗਿਆ ਤੀਜਾ ਵਿਅਕਤੀ ਇਕ ਟੂਰਿਸਟ ਗਾਈਡ ਹੈ, ਜਿਹੜਾ ਹਮਲਾਵਰਾਂ ਦੇ ਚੁੰਗਲ ‘ਚੋਂ ਛੁੱਟ ਕੇ ਲੁਕਣ ਲਈ ਚਰਚ ਪਹੁੰਚਿਆ ਸੀ। ਪੋਪ ਫਰਾਂਸਿਸ ਨੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਇਕ ਹੈਰਾਨ ਕਰਨ ਵਾਲੀ ਵਾਰਦਾਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ‘ਚ ਹਿੰਸਾ ਕਿਸ ਹੱਦ ਤਕ ਵੱਧ ਗਈ ਹੈ।
ਗੋਲ਼ੀਬਾਰੀ ਦੀ ਵਾਰਦਾਤ ਸੋਮਵਾਰ ਨੂੰ ਉਸ ਸਮੇਂ ਹੋਈ ਜਦੋਂ ਇਕ ਡਰੱਗਸ ਤਸਕਰ ਗਿਰੋਹ ਟੂਰਿਸਟ ਗਾਈਡ ਨੂੰ ਅਗ਼ਵਾ ਕਰ ਕੇ ਚਰਚ ਵੱਲ ਲਿਜਾ ਰਿਹਾ ਸੀ। ਗਿਰੋਹ ਦੇ ਚੁੰਗਲ ‘ਚੋਂ ਛੁੱਟ ਕੇ ਟੂਰਿਸਟ ਗਾਈਡ ਕਿਸੇ ਤਰ੍ਹਾਂ ਚਰਚ ਪਹੁੰਚ ਗਿਆ ਤੇ ਲੁਕਣ ਦੀ ਥਾਂ ਮੰਗੀ। ਇੰਨੇ ‘ਚ ਬਦਮਾਸ਼ ਵੀ ਉੱਥੇ ਪਹੁੰਚ ਗਏ ਤੇ ਟੂਰਿਸਟ ਗਾਈਡ ਨਾਲ ਮਾਰਕੁੱਟ ਕਰਨ ਲੱਗੇ। ਦੋਵੇਂ ਪਾਦਰੀ ਟੂਰਿਸਟ ਗਾਈਡ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ, ਜਿਨ੍ਹਾਂ ਨੂੰ ਡਰੱਗਸ ਤਸਕਰਾਂ ਨੇ ਗੋਲ਼ੀ ਮਾਰ ਦਿੱਤੀ। ਬਾਅਦ ‘ਚ ਹਮਲਾਵਰਾਂ ਨੇ ਟੂਰਿਸਟ ਗਾਈਡ ਨੂੰ ਵੀ ਗੋਲ਼ੀ ਮਾਰ ਦਿੱਤੀ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਸ਼ਟਰਪਤੀ ਆਂਦਰੇਸ ਮੈਨੂਅਲ ਲੋਪੇਜ ਓਬ੍ਰੇਦੋਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਸ਼ੱਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ।