ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੇ ਕੇਂਦਰ ਨਿਊਯਾਰਕ ਸੂਬੇ ‘ਚ ਬੰਦ ਪਈ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਗਵਰਨਰ ਐਂਡਰਿਊ ਕੁਓਮੋ ਨੇ ਪੜਾਅਵਾਰ ਤਰੀਕੇ ਨਾਲ ਲਾਕਡਾਊਨ ‘ਚ ਢਿੱਲ ਦੇ ਕੇ ਅਰਥਵਿਵਸਥਾ ਖੋਲ੍ਹਣ ਦੀ ਯੋਜਨਾ ਦਾ ਖਾਕਾ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਲਈ ਸਭ ਕੁਝ ਬੰਦ ਰੱਖਣਾ ਸਥਾਈ ਨਹੀਂ ਹੈ। ਇਸੇ ਦੌਰਾਨ ਅਮਰੀਕੀ ਮੀਡੀਆ ਸਰਕਾਰ ਦੀ ਇਕ ਅੰਦਰੂਨੀ ਖਰੜਾ ਰਿਪੋਰਟ ਦੇ ਹਵਾਲੇ ਨਾਲ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਦੇਸ਼ ‘ਚ ਅਗਲੇ ਮਹੀਨੇ ਤੋਂ ਮਹਾਮਾਰੀ ਤੇ ਖ਼ਤਰਨਾਕ ਹੋ ਸਕਦੀ ਹੈ। ਇਸ ‘ਚ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਕ ਜੂਨ ਤੋਂ ਦੇਸ਼ ‘ਚ ਰੋਜ਼ਾਨਾ ਤਿੰਨ ਹਜ਼ਾਰ ਤੋਂ ਵੱਧ ਮੌਤਾਂ ਹੋਣਗੀਆਂ ਤੇ ਇਨਫੈਕਸ਼ਨ ਦੇ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣਗੇ। ਵ੍ਹਾਈਟ ਹਾਊਸ ਤੇ ਅਮਰੀਕੀ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ (ਸੀਡੀਸੀ) ਨੇ ਹਾਲਾਂਕਿ ਇਸ ਤਰ੍ਹਾਂ ਦੀ ਕਿਸੇ ਰਿਪੋਰਟ ਤੋਂ ਇਨਕਾਰ ਕੀਤਾ ਹੈ। ਇਸ ਰਿਪੋਰਟ ‘ਤੇ ਸੀਡੀਸੀ ਦਾ ਹੀ ਲੋਕ ਛਪਿਆ ਹੈ।
ਨਿਊਯਾਰਕ ਦੇ ਗਵਰਨਰ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ, ਲੋਕ ਸੂਬੇ ਨੂੰ ਮੁੜ ਖੋਲ੍ਹਣ ਬਾਰੇ ਗੱਲਾਂ ਕਰ ਰਹੇ ਹਨ। ਤੁਸੀਂ ਕੁਝ ਸਮੇਂ ਲਈ ਸਭ ਕੁੱਝ ਬੰਦ ਰੱਖ ਸਕਦੇ ਹੋ। ਖ਼ੁਦ ਨੂੰ ਘਰ ‘ਚ ਕੈਦ ਰੱਖ ਸਕਦੇ ਹੋ, ਪਰ ਤੁਸੀਂ ਹਮੇਸ਼ਾ ਲਈ ਇਸ ਤਰ੍ਹਾਂ ਨਹੀਂ ਕਰ ਸਕਦੇ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਦਰ ਤੇ ਜਾਂਚ ਦੀ ਸਮਰੱਥਾ ਦੇ ਆਧਾਰ ‘ਤੇ ਸੂਬਿਆਂ ਦੇ ਵੱਖ-ਵੱਖ ਹਿੱਸਿਆਂ ‘ਚ ਸਨਅਤਾਂ-ਕਾਰੋਬਾਰ ਬਹਾਲ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਪਹਿਲਾਂ ਉਨ੍ਹਾਂ ਕਾਰੋਬਾਰ ਨੂੰ ਖੋਲ੍ਹਿਆ ਜਾਵੇਗਾ, ਜਿਨ੍ਹਾਂ ਨੂੰ ਸਭ ਤੋਂ ਵੱਧ ਜ਼ਰੂਰੀ ਮੰਨਿਆ ਜਾਵੇਗਾ। ਇਸ ਤਹਿਤ ਪਹਿਲਾਂ ਨਿਰਮਾਣ ਤੇ ਉਤਪਾਦਨ ਖੇਤਰਾਂ ਦੇ ਨਾਲ ਹੀ ਕੁਝ ਪ੍ਰਚੂਨ ਸਟੋਰ ਵੀ ਖੋਲ੍ਹੇ ਜਾਣਗੇ। ਸੂਬੇ ‘ਚ 15 ਮਈ ਤਕ ਲੋਕਾਂ ਲਈ ਘਰ ‘ਚ ਰਹਿਣ ਤੇ ਗ਼ੈਰ ਜ਼ਰੂਰੀ ਕਾਰੋਬਾਰ ਬੰਦ ਰੱਖਣ ਦਾ ਹੁਕਮ ਹੈ।