ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਨਾਗਰਿਕ ਅਧਿਕਾਰ ਦੇ ਵਕੀਲ ਕਲਪਨਾ ਕੋਟਾਗਲ ਨੂੰ ਬਰਾਬਰ ਰੁਜ਼ਗਾਰ ਮੌਕਾ ਕਮਿਸ਼ਨ ਦਾ ਕਮਿਸ਼ਨਰ ਤੇ ਪ੍ਰਮਾਣਿਤ ਸਰਕਾਰੀ ਲੇਖਾਕਾਰ ਵਿਨੈ ਸਿੰਘ ਨੂੰ ਰਿਹਾਇਸ਼ੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਮੁੱਖ ਵਿੱਤੀ ਅਧਿਕਾਰੀ ਨਾਮਜ਼ਦ ਕੀਤਾ ਹੈ।
ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ, ਪਰਵਾਸੀ ਭਾਰਤੀ ਜੋੜੇ ਦੀ ਬੇਟੀ ਕੋਟਾਗਲ ਕੋਹੇਨ ਮਿਲਸਟੀਨ ਨਾਂ ਦੀ ਫਰਮ ‘ਚ ਭਾਈਵਾਲ ਹਨ। ਉਹ ਕੰਪਨੀ ਦੇ ਨਾਗਰਿਕ ਅਧਿਕਾਰ ਤੇ ਰੁਜ਼ਗਾਰ ਅਭਿਆਸ ਸਮੂਹ ਦੀ ਮੈਂਬਰ ਹੋਣ ਦੇ ਨਾਲ-ਨਾਲ ਨਿਯੁਕਤੀ ਤੇ ਵਿਭਿੰਨਤਾ ਕਮੇਟੀ ਦੀ ਕੋ-ਚੇਅਰ ਵੀ ਹਨ। ਮੌਲਿਕ ਕਾਨੂੰਨ ਟੈਂਪਲੈਟ ‘ਇਨਕਲੂਜ਼ਨ ਰਾਈਡਰ’ ਦੀ ਸਹਿ ਲੇਖਿਕਾ ਕੋਟਾਗਲ ਵਿਭਿੰਨਤਾ, ਨਿਆ ਨੀਤੀ ਤੇ ਸਮੁੱਚੀ ਮਾਹਿਰ ਵੀ ਹਨ। ਉਹ ਰੁਜ਼ਗਾਰ ਤੇ ਨਾਗਰਿਕ ਅਧਿਕਾਰਾਂ ਦੇ ਮੁਕੱਦਮਿਆਂ ‘ਚ ਗ਼ਰੀਬ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ‘ਚ ਟਾਈਟਲ-7, ਬਰਾਬਰ ਤਨਖ਼ਾਹ ਐਕਟ, ਵਿਕਲਾਂਗ ਅਮਰੀਕੀ ਐਕਟ, ਪਰਿਵਾਰ ਤੇ ਮੈਡੀਕਲ ਛੁੱਟੀ ਐਕਟ ਤੇ ਉਚਿਤ ਲੇਬਰ ਮਾਪਦੰਡ ਐਕਟ ਨਾਲ ਜੁੜੇ ਮੁੱਦੇ ਸ਼ਾਮਲ ਹਨ।ਮੋਹਰੀ ਭਾਰਤੀ-ਅਮਰੀਕੀ ਤੇ ਦੱਖਣੀ ਏਸ਼ਿਆਈ ਨਾਗਰਿਕ ਸੰਗਠਨ ਇੰਡੀਅਨ-ਅਮਰੀਕਨ ਇੰਪੈਕਟ ਨੇ ਬਰਾਬਰ ਰੁਜ਼ਗਾਰ ਮੌਕਾ ਕਮਿਸ਼ਨ ਦੇ ਕਮਿਸ਼ਨਰ ਅਹੁਦੇ ਲਈ ਕੋਟਾਗਲ ਦੀ ਨਾਮਜ਼ਦਗੀ ਦਾ ਸਵਾਗਤ ਕੀਤਾ ਹੈ। ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਨੀਲ ਮਖੀਜਾ ਨੇ ਕਿਹਾ, ‘ਕੋਟਾਗਲ ਵਾਦੀ ਬਾਰ ‘ਚ ਕਾਨੂੰਨ ਭਾਈਵਾਲ ਬਣਨ ਦੀ ਉਪਲਬਧੀ ਹਾਸਲ ਕਰਨ ਵਾਲੀਆਂ ਚੋਣਵੀਆਂ ਦੱਖਣੀ ਏਸ਼ਿਆਈ ਔਰਤਾਂ ‘ਚ ਸ਼ਾਮਲ ਹਨ।’ ਉਹ ਵੰਨ-ਸਵੰਨਤਾ, ਬਰਾਬਰਤਾ ਆਦਿ ‘ਤੇ ਰਾਸ਼ਟਰੀ ਵਿਚਾਰ ਵਟਾਂਦਰੇ ਦੀ ਮੋਹਰੀ ਆਵਾਜ਼ ਹਨ।’ ਪ੍ਰਮਾਣਿਤ ਲੋਕ ਲੇਖਾਕਾਰ ਸਿੰਘ ਹਾਲੇ ਅਮਰੀਕਾ ਦੇ ਲਘੂ ਉੱਦਮ ਪ੍ਰਸ਼ਾਸਨ (ਐੱਸਬੀਏ) ‘ਚ ਪ੍ਰਸ਼ਾਸਕ ਦੇ ਸੀਨੀਅਰ ਸਲਾਹਕਾਰ ਹਨ। ਉਹ ਵਿੱਤ, ਐਨਾਲਿਟਿਕਸ ਤੇ ਰਣਨੀਤੀ ਦੀ ਗਹਿਰੀ ਸਮਝ ਰੱਖਦੇ ਹਨ ਤੇ ਉਨ੍ਹਾਂ ਕੋਲ ਨਿੱਜੀ ਖੇਤਰ ‘ਚ ਅਗਵਾਈ ਦਾ 25 ਸਾਲਾਂ ਦਾ ਤਜਰਬਾ ਹੈ। ਸਿੰਘ ਓਬਾਮਾ ਤੇ ਬਾਇਡਨ ਪ੍ਰਸ਼ਾਸਨ ‘ਚ ਉਪ ਸਹਾਇਕ ਮੰਤਰੀ (ਯੂਐੱਸ ਫੀਲਡ) ਵੀ ਰਹਿ ਚੁੱਕੇ ਹਨ। ਉਹ ਵਪਾਰ ਤੇ ਨਿਵੇਸ਼ ਨੀਤੀ ਅਤੇ ਅਮਰੀਕੀ ਕੰਪਨੀਆਂ ਲਈ ਬਿਹਤਰ ਬਾਜ਼ਾਰ ਸਥਿਤੀ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਐੱਸਬੀਏ ਤੋਂ ਪਹਿਲਾਂ ਉਹ ਭਾਰਤ ਸਥਿਤ ਕੇਪੀਐੱਮਜੀ ਦੇ ਇਨਫ੍ਰਾਸਟ੍ਕਚਰ ਪ੍ਰੈਕਟਿਸ ‘ਚ ਭਾਈਵਾਲ ਤੇ ਚੀਫ ਆਪਰੇਟਿੰਗ ਅਫ਼ਸਰ ਦੀ ਭੂਮਿਕਾ ਨਿਭਾਅ ਚੁੱਕੇ ਹਨ। ਵਿਸ਼ਵ ਬੈਂਕ ਸਮੂਹ ਦੇ ਪ੍ਰਮੁੱਖ ਭਾਈਵਾਲ ਦੇ ਰੂਪ ‘ਚ ਉਹ ਸ਼ਹਿਰ ਤੇ ਪਿੰਡਾਂ ‘ਚ ਨਿਵਾਸ ਦੀਆਂ ਚੁਣੌਤੀਆਂ, ਪਾਣੀ, ਊਰਜਾ ਤੇ ਆਰਥਿਕ ਵਿਕਾਸ ਆਦਿ ਨਾਲ ਸਬੰਧਤ ਸਮੁੱਚੇ ਵਿਕਾਸ ਪ੍ਰਾਜੈਕਟਾਂ ਦੀ ਹਮਾਇਤ ਕਰ ਚੁੱਕੇ ਹਨ।
ਬਾਇਡਨ ਬੀਤੇ ਮਹੀਨੇ ਅਮਰੀਕੀ ਰਾਜਦੂਤ ਦੇ ਤੌਰ ‘ਤੇ ਦੋ ਭਾਰਤਵੰਸ਼ੀਆਂ ਪੁਨੀਤ ਤਲਵਾੜ (ਮੋਰੱਕੋ) ਤੇ ਸ਼ੇਫਾਲੀ ਰਾਜਦਾਨ ਦੁੱਗਲ (ਨੀਦਰਲੈਂਡਸ) ਨੂੰ ਨਾਮਜ਼ਦ ਕਰ ਚੁੱਕੇ ਹਨ।