Punjab

ਡੇਰਾ ਮੁਖੀ ਰਾਮ ਰਹੀਮ ਦਾ ਦਾਅਵਾ- ਮੈਂ 1998 ‘ਚ ਕੀਤੀ ਸੀ T-20 ਕ੍ਰਿਕਟ ਦੀ ਸ਼ੁਰੂਆਤ, ਅੱਜ ਪੂਰਾ ਵਿਸ਼ਵ ਖੇਡ ਰਿਹਾ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ ਦਾਅਵਾ ਹੈ ਕਿ ਉਸ ਨੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਆਨਲਾਈਨ ਸਤਿਸੰਗ ‘ਚ ਡੇਰਾ ਮੁਖੀ ਨੇ ਕਿਹਾ ਕਿ 1998 ‘ਚ ਉਸ ਨੇ ਸਿਰਸਾ ਜ਼ਿਲ੍ਹੇ ਦੇ ਪਿੰਡ ਜਲਾਲਆਨਾ ਤੋਂ ਇਸ ਨੂੰ ਸ਼ੁਰੂ ਕੀਤਾ ਸੀ। ਉਦੋਂ ਖਿਡਾਰੀ ਕਹਿੰਦੇ ਸਨ, ਉਸ ਨੂੰ ਕੌਣ ਖੇਡੇਗਾ ਪਰ ਅੱਜ ਪੂਰੀ ਦੁਨੀਆ ‘ਚ ਟੀ20 ਖੇਡਿਆ ਜਾ ਰਿਹਾ ਹੈ। ਡੇਰਾ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਕ੍ਰਿਕਟ ‘ਚ ਅੱਠਾ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਗੇਂਦ ਸਟੇਡੀਅਮ ਤੋਂ ਪਾਰ ਕਰਨ ‘ਤੇ 8 ਸਕੋਰ ਮਿਲਦੇ ਸਨ। ਡੇਰਾ ਮੁਖੀ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਅੱਠਾ ਵੀ ਛੱਕੇ ‘ਤੇ ਭਾਰੀ ਪਵੇਗਾ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਕੈਦ ਕੱਟ ਰਿਹਾ ਹੈ। ਮੌਜੂਦਾ ਸਮੇਂ ਰਾਮ ਰਹੀਮ ਪੈਰੋਲ ‘ਤੇ ਆਇਆ ਹੋਇਆ ਹੈ ਤੇ ਯੂਪੀ ਦੇ ਬਰਵਾਨਾ ਆਸ਼ਰਮ ‘ਚ ਹੈ। ਉਸ ਦੀ ਪੈਰੋਲ ਮਿਆਦ 25 ਨਵੰਬਰ ਨੂੰ ਖ਼ਤਮ ਹੋਵੇਗੀ।

ਡੇਰੇ ‘ਚ ਬਣਵਾਇਆ ਹੋਇਆ ਹੈ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ

ਸਿਰਸਾ ‘ਚ ਸਥਿਤ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ‘ਚ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਵੀ ਹੈ। ਇਸ ਸਟੇਡੀਅਮ ‘ਚ ਕੌਮੀ ਪੱਧਰ ਦੇ ਕਈ ਖੇਡ ਮੁਕਾਬਲੇ ਹੋਏ ਹਨ। ਇਨ੍ਹਾਂ ਵਿਚ ਭਾਰਤ-ਪਾਕਿਸਤਾਨ ਦੇ ਸਾਬਕਾ ਖਿਡਾਰੀਂ ਦਾ ਮੈਚ ਹੋ ਚੁੱਕਾ ਹੈ। ਡੇਰਾ ਮੁਖੀ ਵੱਲੋਂ ਕਿੰਗਜੀ ਕੱਪ ਦੇ ਨਾਂ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਂਦਾ ਰਿਹਾ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਦਿੱਗਜ ਬੱਲੇਬਾਜ਼ ਇਸ ਸਟੇਡੀਅਮ ‘ਚ ਆਏ ਹੋਏ ਹਨ। ਇਸ ਤੋਂ ਇਲਾਵਾ ਡੇਰੇ ‘ਚ ਰੋਲਰ ਸਕੇਟਿੰਗ ਤੇ ਹੋਰ ਖੇਡ ਮੈਦਾਨ ਹਨ। ਡੇਰੇ ‘ਚ ਐੱਮਐੱਸਜੀ ਭਾਰਤੀ ਖੇਡ ਪਿੰਡ ਵੀ ਬਣਾਇਆ ਗਿਆ ਹੈ ਜਿਸ ਵਿਚ ਇਕੱਠੀਆਂ ਕਈ ਖੇਡਾਂ ਦੀ ਤਿਆਰੀ ਹੁੰਦੀ ਹੈ।

ਡੇਰਾ ਮੁਖੀ ਨੇ ਬਣਾਈ ਗੁਲਸਟਿਕ ਗੇਮ ਤੇ ਰੂਮਾਲ ਛੂ ਮੁਕਾਬਲਾ

ਡੇਰਾ ਮੁਖੀ ਨੇ ਗੁਲਸਟਿਕ ਗੇਮ ਬਣਾਈ ਸੀ, ਜਿਸ ਵਿਚ ਕ੍ਰਿਕਟ ਤੇ ਗੁੱਲੀ-ਡੰਡੇ ਦਾ ਮਿਸ਼ਰਨ ਸੀ। ਇਸ ਦੇ ਲਈ ਡੇਰਾ ਮੁਖੀ ਰਾਮ ਰਹੀਮ ਨੇ ਅਨੋਖੇ ਢੰਗ ਦਾ ਬੈਟ, ਹੈਲਮਟ ਆਦਿ ਬਣਾਏ ਸਨ। ਉਸ ਗੇਮ ਦੇ ਨਿਯਮ ਵੀ ਖ਼ੁਦ ਡੇਰਾ ਮੁਖੀ ਨੇ ਬਣਾਏ ਸੀ। ਇਸ ਤੋਂ ਇਲਾਵਾ ਰੂਮ ਛੂ ਨਾਂ ਦੀ ਗੇਮ ਬਣਾਈ ਜਿਸ ਵਿਚ ਖੋ-ਖੋ, ਐਥਲੈਟਿਕਸ ਤੇ ਪਿੱਠੂ ਆਦਿ ਖੇਡ ਦਾ ਮਿਸ਼ਰਨ ਹੈ। ਇਸ ਗੇਮ ਦੀ ਲਾਂਚਿੰਗ ਮੌਕੇ ਖੇਡ ਮੰਤਰੀ ਅਨਿਲ ਵਿਜ, ਭਾਜਪਾ ਆਗੂ ਰਾਮਬਿਲਾਸ ਸ਼ਰਮਾ ਤੇ ਹੋਰ ਦਿੱਗਜਾਂ ਨੇ ਸ਼ਿਰਕਤ ਕੀਤੀ ਸੀ।

32 ਤਰ੍ਹਾਂ ਦੀਆਂ ਖੇਡਾਂ ਖੇਡਣ ਦਾ ਦਾਅਵਾ

ਡੇਰਾ ਮੁਖੀ ਗੁਰਮੀਤ ਸਿੰਘ ਦਾ ਦਾਅਵਾ ਹੈ ਕਿ ਉਹ 32 ਤਰ੍ਹਾਂ ਦੀਆਂ ਕੌਮੀ ਖੇਡਾਂ ਖੇਡਦਾ ਰਿਹਾ ਹੈ। ਰਾਮ ਰਹੀਮ ਦੇ ਕਬੱਡੀ, ਕੁਸ਼ਤੀ, ਟੱਗ ਆਫ ਵਾਰ, ਫੁੱਟਬਾਲ, ਨੈੱਟਬਾਲ, ਹੈਂਡਬਾਲ, ਕ੍ਰਿਕਟ, ਤੈਰਾਕੀ, ਸਕੇਟਿੰਗ ਆਦਿ ਖੇਡਣ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹਨ। ਡੇਰਾ ਸੱਚਾ ਸੌਦਾ ਨਾਲ ਸਬੰਧਤ ਸਕੂਲਾਂ ਤੇ ਕਾਲਜਾਂ ‘ਚ ਪੜ੍ਹਦੇ ਖਿਡਾਰੀ ਵੀ ਡੇਰਾ ਮੁਖੀ ਨੂੰ ਪਾਪਾ ਕੋਚ ਕਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਡੇਰਾ ਮੁਖੀ ਨੇ ਹੀ ਉਨ੍ਹਾਂ ਨੂੰ ਖੇਡਾਂ ਬਾਰੇ ਸੁਝਾਅ ਦਿੱਤੇ ਤੇ ਬਾਰੀਕੀਆਂ ਸਿਖਾਈਆਂ। ਡੇਰਾ ਸੱਚਾ ਸੌਦਾ ਦੇ ਪੰਜ ਖਿਡਾਰੀਆਂ ਨੂੰ ਵੀ ਪੁਰਸਕਾਰ ਮਿਲ ਚੁੱਕੇ ਹਨ।

Related posts

Man whose phone was used to threaten SRK had filed complaint against actor

Gagan Oberoi

ਵਿਧਾਨ ਸਭਾ ਸੈਸ਼ਨ ‘ਚੋਂ ਅਕਾਲੀ ਦਲ ਨੂੰ ਬਾਹਰ ਰੱਖਣ ‘ਤੇ ਮਜੀਠੀਆ ਦਾ ਕੈਪਟਨ ‘ਤੇ ਤਨਜ਼

Gagan Oberoi

Yemen’s Houthis say US-led coalition airstrike hit school in Taiz

Gagan Oberoi

Leave a Comment