ਜਿੱਦਾਂ ਈ ਇੱਕ ਜੋਰਦਾਰ ਥੱਪੜ ਲਤਾ ਦੇ ਮੂੰਹ ਤੇ ਵੱਜਾ ਤਾਂ ਉਸਦਾ ਦਿਲ ਕਿਤਾ ਕੀ ਪਲੰਘ ਤੋਂ ਉਠ ਕੇ ਦੂਰ ਕਿਤੇ ਭੱਜ ਜਾਵੇ। ਪਰ ਕੀਮਤ ਤੈਅ ਹੋਣ ਕਰਕੇ ਉਸਨੂੰ ਸਭ ਝੱਲਣਾ ਪੈਣਾ ਸੀ। ਜੇ ਉਸਨੂੰ ਇਸ ਕੋਠੇ ਤੇ ਆਈ ਨੂੰ ਬਹੁਤੇ ਸਾਲ ਹੋ ਗਏ ਹੁੰਦੇ ਤਾਂ ਬਾਕੀ ਕੁੜੀਆਂ ਵਾਂਗੂ ਉਸਨੇ ਵੀ ਥੱਪੜ ਮਾਰਨੇ ਵਾਲੇ ਦਾ ਹੱਥ ਤੋੜ ਦੇਣਾ ਸੀ ਪਰ ਹੁਣ ਬੇਬਸ ਹੋ ਕੇ ਉਹ ਪਈ ਰਹੀ।
ਸਵੇਰੇ ਜਦੋਂ ਸੁੱਤ-ਉਨੀਂਦਰੀ ਜਿਹੀ ਲਤਾ ਦਰਵਾਜ਼ੇ ਵਿੱਚ ਬੈਠੀ ਸੀ ਤਾਂ ਕੁਦਰਤੀ ਉਥੋਂ ਇੱਕ ਛੋਟੀ ਜਿਹੀ ਕੁੜੀ ਲੰਘਦੀ-ਲੰਘਦੀ ਰੁਕ ਗਈ ‘ਇਹ ਦੀਦੀ ਤੂੰ ਕੀ ਖਾਂਦੀ ਆ?
”ਹਾ-ਹਾ ਕੁਛ ਨੀ ਪਾਨ ਖਾਂਦੀ ਆਂ ਕੀ ਹੋਇਆ?
‘ਦੀਦੀ ਮੈਨੂੰ ਵੀ ਦੇਦੇ ਪਾਨ ਮੈਂ ਕਦੀਂ ਨੀ ਖਾਧਾ ਮੇਰਾ ਵੀ ਖਾਣ ਨੂੰ ਦਿਲ ਕਰਦਾ ਦੇਦੇ ਨਾ ਦੀਦੀ।
”ਨਹੀਂ ਇਹ ਤਾਂ ਜੂਠਾ ਆ ਤੈਨੂੰ ਨੀ ਦੇਣਾ।
‘ਫਿਰ ਕੀ ਆ ਦੀਦਾ ਮੈਂ ਜੂਠਾ ਵੀ ਖਾ ਲਊਂਗੀ ਦੇਦੇ ਤਾਂ’ ਕੁਛ ਸੋਚ ਕੇ ਲਤਾ ਨੇ ਆਪਣੇ ਬਲਾਊਜ਼ ਵਿੱਚੋਂ ਨੋਟ ਕੱਢੇ ਤੇ ਇੱਕ ਨੋਟ ਉਸ ਕੁੜੀ ਵੱਲ ਵਧਾ ਦਿੱਤਾ ‘ਲੈ ਫੜ ਤੂੰ ਕੁਛ ਹੋਰ ਚੀਜ਼ੀ ਖਾ ਲਵੀਂ ਦੁਕਾਨ ਤੋਂ….
‘ਦੀਦੀ ਤੁਸੀਂ ਬਹੁਤ ਚੰਗੇ ਆਂ ਤੁਸੀਂ ਮੈਨੂੰ ਐਨੇ ਪੈਸੇ ਦਿੱਤੇ ਦੀਦੀ ਤੁਹਾਡੇ ਕੋਲ ਕਿੰਨੇ ਈ ਪੈਸੇ ਆ ਹਨਾ?
”ਹਾ-ਹਾ ਤੂੰ ਹੁਣ ਬਹੁਤੀਆਂ ਗੱਲਾਂ ਨਾ ਕਰ ਤੇ ਜਾਹ ਐਥੋਂ ਤੇ ਮੁੜ ਕੇ ਨਾ ਇਧਰ ਨੂੰ ਆਵੀਂ
‘ਦੀਦੀ-ਦੀਦੀ ਜਦੋਂ ਮੈਂ ਵੱਡੀ ਹੋ ਗਈ ਮੈਂ ਵੀ ਤੇਰੇ ਵਾਂਗੂ ਐਨੇ ਸਾਰੇ ਨੋਟ ਕਮਾਉਣੇ।’ ਸੁਣਦੇ ਸਾਰ ਲਤਾ ਨੇ ਜੋਰਦਾਰ ਚਾਂਟਾ ਕੁੜੀ ਦੇ ਮੂੰਹ ਤੇ ਮਾਰਿਆ ਤਾਂ ਉਹ ਰੋਣ ਲੱਗੀ ”ਤੁਸੀਂ ਗੰਦੇ ਆਂ ਦੀਦੀ ਤੁਸੀਂ ਮੇਰੇ ਥੱਪੜ ਮਾਰਿਆ ਤੁਸੀਂ ਸੋਹਣੇ ਨੀ ਗੰਦੇ ਆ।” ਫਿਰ ਰੋਂਦੀ ਜਾਂਦੀ ਕੁੜੀ ਨੂੰ ਦੇਖ ਕੇ ਲਤਾ ਨੂੰ ਖਿਆਲ ਆਇਆ ਕਿ ”ਥੱਪੜ ਖਾਣ ਤੋਂ ਬਾਅਦ ਇਹ ਕੁੜੀ ਤਾਂ ਘਰ ਚਲੇ ਗਈ ਮੇਰੇ ਥੱਪੜ ਵੱਜਣ ਤੇ ਮੈਂ ਕਿਸ ਟਿਕਾਣੇ ਤੇ ਜਾਵਾਂ?