ਕੈਲਗਰੀ – ਅਮਰੀਕਾ ਤੋਂ ਆ ਰਹੇ ਐਸਟਰਾਜ਼ੈਨੇਕਾ ਦੇ ਟੀਕੇ ਤਿਆਰ ਕਰਨ ਵਾਲੇ ਪਲਾਂਟ ਵਿਚ ਵੱਡੀਆਂ ਖਾਮੀਆਂ ਬਾਰੇ ਰਿਪੋਰਟਾਂ ਨਸ਼ਰ ਹੋਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਭਰੋਸਾ ਦਿਤਾ ਹੈ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ, ਕੈਨੇਡਾ ਆ ਰਹੇ ਟੀਕੇ ਕੁਆਲਿਟੀ ਪੱਖੋਂ ਪੂਰੀ ਤਰ੍ਹਾਂ ਦਰੁਸਤ ਹਨ। ਪਤਨੀ ਸਮੇਤ ਐਸਟਰਾਜ਼ੈਨੇਕਾ ਦਾ ਟੀਕਾ ਲਵਾਉਣ ਮਗਰੋਂ ਉਨ੍ਹਾਂ ਕਿਹਾ ਕਿ ਫ਼ਾਈਜ਼ਰ ਵੱਲੋਂ ਅਗਲੇ ਸਾਲ ਸਾਢੇ ਤਿੰਨ ਕਰੋੜ ਬੂਸਟਰ ਡੋਜ਼ ਅਤੇ 2023 ਵਿਚ ਤਿੰਨ ਕਰੋੜ ਖੁਰਾਕਾਂ ਸਪਲਾਈ ਕਰਨ ਦੀ ਸਹਿਮਤੀ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ੈਡਰਲ ਸਰਕਾਰ ਹੋਰਨਾਂ ਵੈਕਸੀਨ ਨਿਰਮਾਤਾ ਕੰਪਨੀਆਂ ਤੋਂ ਬੂਸਟਰ ਡੋਜ਼ ਮੰਗਵਾਉਣ ਲਈ ਗੱਲਬਾਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਲਗਾਤਾਰ ਮਿਊਟੇਟ ਕਰ ਰਿਹਾ ਹੈ ਅਤੇ ਲੰਮੇ ਸਮੇਂ ਦੌਰਾਨ ਲੋਕਾਂ ਨੂੰ ਇਮਿਊਨਾਈਜ਼ ਕਰਨ ਲਈ ਬੂਸਟਰ ਡੋਜ਼ ਦੀ ਸਖ਼ਤ ਜ਼ਰੂਰਤ ਪਵੇਗੀ। ਇਹ ਉਸੇ ਤਰ੍ਹਾਂ ਦਾ ਹੋਵੇਗਾ ਜਿਵੇਂ ਹਰ ਸਾਲ ਫ਼ਲੂ ਦੇ ਟੀਕੇ ਲਗਦੇ ਹਨ। ਪ੍ਰਧਾਨ ਮੰਤਰੀ ਨੇ ਲੋਕਾਂ ਵਿਚ ਭਰੋਸਾ ਪੈਦਾ ਕਰਨ ਲਈ ਆਪਣੀ ਪਤਨੀ ਨਾਲ ਜਨਤਕ ਤੌਰ ’ਤੇ ਐਸਟਰਾਜ਼ੈਨੇਕਾ ਦਾ ਟੀਕਾ ਲਗਵਾਇਆ।