ਅਲਬਰਟਾ – ਕੈਨੇਡਾ ਦੀ ਪੀ.ਆਰ. ਲਈ ਆ ਰਹੀਆਂ ਅਰਜ਼ੀਆਂ ਦਾ ਬੈਕਲਾਗ ਪੌਣੇ ਚਾਰ ਲੱਖ ਤੋਂ ਟੱਪ ਗਿਆ ਹੈ ਅਤੇ 3 ਲੱਖ 70 ਹਜ਼ਾਰ ਪ੍ਰਵਾਸੀ ਸਿਟੀਜ਼ਨਸ਼ਿਪ ਦੀ ਕਤਾਰ ਵਿਚ ਖੜ੍ਹੇ ਹਨ ਪਰ ਚੋਣਾਂ ਦੇ ਰੌਲੇ ਵਿਚ ਕਿਸੇ ਸਿਆਸੀ ਪਾਰਟੀ ਨੇ ਇਨ੍ਹਾਂ ਦੀ ਆਵਾਜ਼ ਨਹੀਂ ਸੁਣੀ। ਚੋਣ ਪ੍ਰਚਾਰ ਦੌਰਾਨ ਕਿਸੇ ਸਿਆਸੀ ਆਗੂ ਨੇ ਕੈਨੇਡਾ ਦੀ ਇੰਮੀਗ੍ਰੇਸ਼ਨ ਪ੍ਰਣਾਲੀ ਵਿਚ ਸੁਧਾਰਾਂ ਲਈ ਠੋਸ ਯੋਜਨਾ ਪੇਸ਼ ਨਹੀਂ ਕੀਤੀ ਜਦਕਿ ਕੱਚੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਗਰੇਟਰ ਟੋਰਾਂਟੋ ਵਿਚ ਨੈਨੀ ਵਜੋਂ ਕੰਮ ਕਰ ਰਹੀ ਜਸਵਿੰਦਰ ਕੌਰ ਜਿਸ ਦੀ ਪਛਾਣ ਗੁਪਤ ਰੱਖਣ ਲਈ ਨਾਂ ਬਦਲ ਦਿਤਾ ਗਿਆ ਹੈ, ਨੇ ਸ਼ਿਕਾਇਤ ਭਰੇ ਲਹਿਜ਼ੇ ਵਿਚ ਕਿਹਾ ਕਿ ਕੱਚੇ ਪ੍ਰਵਾਸੀਆਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਕਿਸੇ ਸਿਆਸੀ ਪਾਰਟੀ ਨੇ ਬਾਤ ਨਹੀਂ ਪੁੱਛੀ ਕਿਉਂਕਿ ਅਸੀਂ ਵੋਟ ਨਹੀਂ ਪਾ ਸਕਦੇ। ਜਸਵਿੰਦਰ ਕੌਰ 2016 ਵਿਚ ਕੈਨੇਡਾ ਆਈ ਸੀ ਅਤੇ ਲੰਮੀ ਜੱਦੋ-ਜਹਿਦ ਤੋਂ ਬਾਅਦ ਲੰਘੀ 18 ਅਗਸਤ ਨੂੰ ਉਹ ਪੀ.ਆਰ ਕਾਰਡ ਹਾਸਲ ਕਰਨ ਵਿਚ ਸਫ਼ਲ ਹੋ ਗਈ। ਉਹ ਪਿਛਲੇ ਪੰਜ ਸਾਲ ਤੋਂ ਆਪਣੇ ਪਰਵਾਰ ਤੋਂ ਦੂਰ ਹੈ ਪਰ ਅਜਿਹੇ ਪ੍ਰਵਾਸੀਆਂ ਦਾ ਮਸਲਾ ਚੋਣਾਂ ਵਿਚ ਚਰਚਾ ਦਾ ਵਿਸ਼ਾ ਨਹੀਂ ਬਣਿਆ। ਕੈਨੇਡਾ ਦੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਇਲੈਕਸ਼ਨ ਪਲੈਟਫ਼ਾਰਮ ਵਿਚ ਇੰਮੀਗ੍ਰੇਸ਼ਨ ਨੀਤੀਆਂ ਬਾਰੇ ਮਾਮੂਲੀ ਜ਼ਿਕਰ ਹੀ ਕੀਤਾ ਗਿਆ ਹੈ।