ਕੈਨੇਡਾ ’ਚ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋਸ਼ ’ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਸਰੀ ਦੀ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 10 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਰਿਪੁਦਮਨ ਦੀ ਕੈਨੇਡਾ ’ਚ ਬੀਤੀ 15 ਜੁਲਾਈ ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 1985 ’ਚ ਏਅਰ ਇੰਡੀਆ ਬੰਬ ਕਾਂਡ ’ਚ ਮੁਲਜ਼ਮ ਰਹੇ ਰਿਪੁਦਮਨ ਨੂੰ 2005 ਸਹਿ ਮੁਲਜ਼ਮ ਅਜਾਇਬ ਸਿੰਘ ਨਾਲ ਬਰੀ ਕਰ ਦਿੱਤਾ ਗਿਆ ਸੀ। ਏਅਰ ਇੰਡੀਆ ਅੱਤਵਾਦੀ ਹਮਲੇ ’ਚ 331 ਲੋਕ ਮਾਰੇ ਗਏ ਸਨ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਟੈਨਰ ਫਾਕਸ (21) ਨੂੰ ਬ੍ਰਿਟਿਸ਼ ਕੋਲੰਬੀਆ ਤੇ ਜੋਸ ਲੋਪੇਜ (23) ਨੂੰ ਵੈਨਕੂਵਰ ਤੋਂ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ’ਚ ਜਾਂਚ ਅਜੇ ਜਾਰੀ ਹੈ। ਉੱਥੇ ਹੀ ਰਿਪੁਦਮਨ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਕਿਹਾ ਕਿ ਜਾਂਚ ਕਿਸੇ ਵੀ ਦਿਸ਼ਾ ’ਚ ਜਾਵੇ, ਪਰ ਅਸੀਂ ਇਕ ਮਹਾਨ ਵਿਅਕਤੀ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਕਿਉਂ ਮਾਰਿਆ ਗਿਆ।