ਵਾਸ਼ਿੰਗਟਨ- ਕਾਬੁਲ ਏਅਰਪੋਰਟ ’ਤੇ ਅਫ਼ਗਾਨਿਸਤਾਨ ਛੱਡ ਕੇ ਭੱਜਣ ਵਾਲਿਆਂ ਦੀ ਭੀੜ ਦੇ ਅਮਰੀਕੀ ਜਹਾਜ਼ ਦੇ ਪਹੀਆਂ ’ਤੇ ਬੈਠਣ ਦੇ ਵੀਡੀਓ ਦੇ ਇੱਕ ਦਿਨ ਬਾਅਦ ਹੀ ਅਮਰੀਕੀ ਏਅਰਫੋਰਸ ਨੇ ਦੱਸਿਆ ਕਿ ਲੈਂਡਿੰਗ ਮਗਰੋਂ ਉਸ ਨੂੰ ਫੌਜੀ ਜਹਾਜ਼ ਦੇ ਪਹੀਆਂ ’ਤੇ ਮਨੁੱਖੀ ਕੰਕਾਲ ਮਿਲੇ ਹਨ।
ਸੋਮਵਾਰ ਨੂੰ ਕਾਬੁਲ ਤੋਂ ਉਡਾਣ ਭਰਨ ਬਾਅਦ ਯੂਐਸ ਏਅਰਫੋਰਸ ਦਾ ਸੀ-17 ਜਹਾਜ਼ ਕਤਰ ਵਿੱਚ ਲੈਂਡ ਹੋਇਆ ਸੀ, ਜਿੱਥੇ ਏਅਰਕਰਾਫ਼ਟ ਦੇ ਪਹੀਆਂ ’ਤੇ ਮਨੁੱਖੀ ਸਰੀਰ ਦੇ ਕੰਕਾਲ ਦਿਖਾਈ ਦਿੱਤੇ।
ਅਮਰੀਕਾ ਦੀ ਹਵਾਈ ਫ਼ੌਜ ਨੇ ਕਿਹਾ ਕਿ ਉਹ ਕਾਬੁਲ ਤੋਂ ਉਡੇ ਸੀ-17 ਜਹਾਜ਼ ਦੇ ਪਹੀਆਂ ’ਚੋਂ ਮਿਲੇ ਮਨੁੱਖੀ ਕੰਕਾਲ ਬਾਰੇ ਜਾਂਚ ਕਰ ਰਹੀ ਹੈ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡਣ ਵਾਲਿਆਂ ਦੀ ਕਾਬੁਲ ਏਅਰਪੋਰਟ ’ਤੇ ਭੀੜ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਸਾਹਮਣੇ ਆ ਚੁੱਕਾ ਹੈ, ਜਿਸ ਵਿੱਚ ਅਮਰੀਕੀ ਜਹਾਜ਼ ਦੇ ਟੇਕ ਆਫ਼ ਕਰਨ ਦੇ ਕੁਝ ਹੀ ਦੇਰ ਬਾਅਦ ਪਹੀਆਂ ’ਤੇ ਬੈਠੇ ਲੋਕ ਡਿੱਗਦੇ ਹੋਏ ਦਿਖਾਈ ਦੇ ਰਹੇ ਸਨ। ਸੈਟਲਾਈਟ ਤਸਵੀਰਾਂ ’ਚ ਵੀ ਕਾਬੁਲ ਏਅਰਪੋਰਟ ’ਤੇ ਮਚੀ ਅਫ਼ੜਾ-ਤਫ਼ੜੀ ਸਾਫ਼ ਤੌਰ ’ਤੇ ਦਿਖਾਈ ਦੇ ਰਹੀ ਹੈ। ਇੱਥੇ ਇੱਕ ਪਾਸੇ ਦੂਜੇ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣਾ ਚਾਹੁੰਦੇ ਹਨ ਤਾਂ ਦੂਜੇ ਤਾਲਿਬਾਰਨ ਦੇ ਕਾਲੇ ਇਤਿਹਾਸ ਦੇ ਡਰ ਤੋਂ ਹੁਣ ਹਜ਼ਾਰਾਂ ਅਫ਼ਗਾਨੀ ਵੀ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ।