ਓਟਵਾ, : ਅਜੇ ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਮਿਲਣ ਵਾਲੇ ਮਾਮਲਿਆਂ ਵਿੱਚ ਭਾਵੇਂ ਕੋਈ ਕਮੀ ਨਹੀਂ ਆਈ ਹੈ, ਕਈ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਵੀ ਲਗਾਤਾਰ ਆ ਰਹੀਆਂ ਹਨ ਤੇ ਕੈਨੇਡਾ ਵਿੱਚ ਤਿਆਰ ਟੈਸਟਿੰਗ ਕਿੱਟਜ਼ ਨੂੰ ਮਾਰਕਿਟ ਵਿੱਚੋਂ ਵਾਪਿਸ ਮੰਗਵਾ ਲਿਆ ਗਿਆ ਹੈ ਪਰ ਇਸ ਸੱਭ ਦੇ ਬਾਵਜੂਦ ਪ੍ਰੋਵਿੰਸ ਸੋਮਵਾਰ ਤੋਂ ਕੋਵਿਡ-19 ਸਬੰਧੀ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਤਿਆਰੀ ਕਰ ਰਹੇ ਹਨ।
ਓਨਟਾਰੀਓ, ਕਿਊਬਿਕ, ਅਲਬਰਟਾ, ਮੈਨੀਟੋਬਾ ਤੇ ਸਸਕੈਚਵਨ ਅਜਿਹੇ ਪ੍ਰੋਵਿੰਸ ਹਨ ਜਿਨ੍ਹਾਂ ਵੱਲੋਂ ਕੁੱਝ ਆਰਥਿਕ ਤੇ ਸਮਾਜਕ ਗਤੀਵਿਧੀਆਂ ਸ਼ੁਰੂ ਕਰਕੇ ਲਾਕਡਾਊਨ ਤੋਂ ਹੌਲੀ ਹੌਲੀ ਬਾਹਰ ਆਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਮਹਾਂਮਾਰੀ ਕਾਰਨ ਅਜਿਹੀਆਂ ਗਤੀਵਿਧੀਆਂ ੳੱੁਤੇ ਰੋਕ ਲੱਗੀ ਨੂੰ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ।
ਇਨ੍ਹਾਂ ਸਾਰਿਆਂ ਵਿੱਚੋਂ ਵੀ ਮੈਨੀਟੋਬਾ ਵੱਲੋਂ ਮਿਊਜ਼ੀਅਮ, ਲਾਇਬ੍ਰੇਰੀਜ਼ ਤੇ ਰਿਟੇਲ ਬਿਜ਼ਨਸ-ਜਿਨ੍ਹਾਂ ਵਿੱਚ ਰੈਸਟੋਰੈਂਟਸ ਵੀ ਸ਼ਾਮਲ ਹਨ, ਨੂੰ ਮੁੜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੈਨੀਟੋਬਾ, ਸਸਕੈਚਵਨ ਤੇ ਅਲਬਰਟਾ ਵੀ ਗੈਰ ਜ਼ਰੂਰੀ ਮੈਡੀਕਲ ਗਤੀਵਿਧੀਆਂ ਜਿਵੇਂ ਕਿ ਡੈਂਟਿਸਟਰੀ ਤੇ ਫਿਜ਼ੀਓਥੈਰੇਪੀ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਵਾਲੇ ਹਨ।
ਓਨਟਾਰੀਓ ਤੇ ਕਿਊਬਿਕ ਵੱਲੋਂ ਐਨੀ ਤੇਜ਼ੀ ਨਾਲ ਕਦਮ ਨਹੀਂ ਚੱੁਕੇ ਜਾ ਰਹੇ। ਓਨਟਾਰੀਓ ਵੱਲੋਂ ਸੀਜ਼ਨਲ ਕਾਰੋਬਾਰਾਂ ਨੂੰ ਮੁੜ ਖੋਲ੍ਹੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਦਕਿ ਕਿਊਬਿਕ ਮਾਂਟਰੀਅਲ ਏਰੀਆ ਤੋਂ ਬਾਹਰਵਾਰ ਸਥਿਤ ਬਹੁਤੇ ਰੀਟੇਲ ਸਟੋਰਜ਼ ਵਿੱਚ ਲਾਕਡਾਊਨ ਵਿੱਚ ਰਾਹਤ ਦੇਣ ਜਾ ਰਿਹਾ ਹੈ। ਇਸ ਦੌਰਾਨ ਓਟਵਾ ਸਥਿਤ ਸਪਾਰਟਨ ਬਾਇਓਸਾਇੰਸਿਜ਼ ਕੰਪਨੀ ਵੱਲੋਂ ਕੋਵਿਡ-19 ਲਈ ਆਪਣੀ ਰੈਪਿਡ ਟੈਸਟ ਕਿੱਟ ਵਾਪਿਸ ਮੰਗਵਾਉਣ ਦਾ ਐਲਾਨ ਕੀਤਾ ਗਿਆ ਹੈ। ਹੈਲਥ ਕੈਨੇਡਾ ਵੱਲੋਂ ਇਸ ਦੀ ਪ੍ਰਭਾਵਸ਼ੀਲਤਾ ਉੱਤੇ ਕਿੰਤੂ ਕੀਤੇ ਜਾਣ ਤੋਂ ਬਾਅਦ ਕੰਪਨੀ ਵੱਲੋਂ ਇਹ ਫੈਸਲਾ ਕੀਤਾ ਗਿਆ।