ਅਫ਼ਗਾਨਿਸਤਾਨ ਵਿੱਚ ਵਿਸ਼ਵ ਖ਼ੁਰਾਕ ਪ੍ਰੋਗਰਾਮ (WFP) ਅਤੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ (UNOCHA) ਨੇ ਦੇਸ਼ ਵਿੱਚ ਚੱਲ ਰਹੇ ਆਰਥਿਕ ਸੰਕਟ ਦੀ ਨਿੰਦਾ ਕੀਤੀ ਹੈ। ਯੂਨੋਚਾ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ 25 ਮਿਲੀਅਨ ਤੋਂ ਵੱਧ ਲੋਕ ਗ਼ਰੀਬੀ ਦਾ ਸਾਹਮਣਾ ਕਰ ਰਹੇ ਹਨ ਅਤੇ ਭੋਜਨ ਦੀ ਅਸੁਰੱਖਿਆ ਲੋਕਾਂ ਦੇ ਸਾਹਮਣੇ ਇੱਕ ਵੱਡਾ ਸੰਕਟ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲੋਕ ਭੁੱਖਮਰੀ ਦੀ ਕਗਾਰ ‘ਤੇ ਹਨ ਅਤੇ ਗ਼ਰੀਬੀ ਦਾ ਸਾਹਮਣਾ ਕਰ ਰਹੇ ਹਨ।
ਭੋਜਨ ਅਸੁਰੱਖਿਆ ਦਾ ਵੱਡਾ ਸੰਕਟ
UNOCHA ਨੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਲਈ ਚਿੰਤਾ ਜ਼ਾਹਰ ਕਰਦੇ ਹੋਏ ਟਵੀਟ ਕੀਤਾ, ‘ਅਫ਼ਗਾਨਿਸਤਾਨ ਵਿੱਚ 19 ਮਿਲੀਅਨ ਲੋਕ ਭੋਜਨ ਦੀ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ ਅਤੇ 25 ਮਿਲੀਅਨ ਲੋਕ ਗ਼ਰੀਬੀ ਵਿੱਚ ਰਹਿੰਦੇ ਹਨ। ਹੜ੍ਹਾਂ ਅਤੇ ਭੁਚਾਲਾਂ ਨਾਲ ਦੇਸ਼ ਦੇ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ 5.8 ਮਿਲੀਅਨ ਲੋਕ ਲੰਬੇ ਸਮੇਂ ਤੋਂ ਬੇਘਰ ਹੋਏ ਹਨ। ਉਨ੍ਹਾਂ ਨੂੰ ਸਰਦੀਆਂ ਤੋਂ ਬਚਣ ਲਈ ਭੋਜਨ, ਪੌਸ਼ਟਿਕ ਸਹਾਇਤਾ, ਗਰਮ ਕੱਪੜੇ ਅਤੇ ਆਪਣੇ ਸਿਰ ‘ਤੇ ਛੱਤ ਦੀ ਜ਼ਰੂਰਤ ਹੈ।
ਰੋਜ਼ੀ-ਰੋਟੀ ਖ਼ਤਮ ਹੋਣ ਦੀ ਕਗਾਰ ‘ਤੇ
ਇਸ ਦੌਰਾਨ ਵਰਲਡ ਫੂਡ ਪ੍ਰੋਗਰਾਮ ਨੇ ਵੀ ਅਫ਼ਗਾਨਿਸਤਾਨ ‘ਚ ਆਰਥਿਕ ਸੰਕਟ ‘ਤੇ ਚਿੰਤਾ ਜਤਾਈ ਹੈ। WFP ਨੇ ਟਵੀਟ ਕੀਤਾ, ‘ਆਰਥਿਕ ਸੰਕਟ ਨੇ ਪੂਰੇ ਅਫ਼ਗਾਨਿਸਤਾਨ ਵਿੱਚ ਨੌਕਰੀਆਂ, ਤਨਖ਼ਾਹਾਂ ਅਤੇ ਰੋਜ਼ੀ-ਰੋਟੀ ਨੂੰ ਤਬਾਹ ਕਰ ਦਿੱਤਾ ਹੈ। ਪਰਿਵਾਰਾਂ ਅਤੇ ਭਾਈਚਾਰਿਆਂ ਦੀ ਮਦਦ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੋ ਗਿਆ ਹੈ। ਇਕ ਸਰਵੇਖਣ ਦੇ ਆਧਾਰ ‘ਤੇ ਦੱਸਿਆ, ‘ਜਦੋਂ ਤੋਂ ਤਾਲਿਬਾਨ ਨੇ ਲਗਪਗ 4 ਕਰੋੜ ਦੀ ਆਬਾਦੀ ਵਾਲੇ ਦੇਸ਼ ‘ਤੇ ਕਬਜ਼ਾ ਕੀਤਾ ਹੈ। ਉਦੋਂ ਤੋਂ ਲਗਪਗ ਸਾਰੇ ਅਫ਼ਗਾਨ ਨਾਗਰਿਕ (94 ਪ੍ਰਤੀਸ਼ਤ) ਆਪਣੀ ਜ਼ਿੰਦਗੀ ਨੂੰ ਇੰਨਾ ਬੁਰਾ ਸਮਝਦੇ ਹਨ ਕਿ ਉਨ੍ਹਾਂ ਨੂੰ ਪੀੜਤ ਮੰਨਿਆ ਜਾ ਸਕਦਾ ਹੈ।
ਲੱਖਾਂ ਲੋਕਾਂ ਦੀ ਨੌਕਰੀ ਗਈ
ਅਫ਼ਗਾਨਿਸਤਾਨ ਵਿੱਚ ਵਧਦੇ ਸੰਕਟ ਨੇ ਛੋਟੇ ਉਦਯੋਗਾਂ ਨੂੰ ਸਖ਼ਤ ਮਾਰਿਆ ਹੈ ਅਤੇ ਨਿਜੀ ਕੰਪਨੀਆਂ ਨੇ ਵਿਕਰੀ ਵਿੱਚ ਗਿਰਾਵਟ ਅਤੇ ਉਤਪਾਦਾਂ ਦੀ ਖ਼ਪਤਕਾਰਾਂ ਦੀ ਮੰਗ ਵਿੱਚ ਗਿਰਾਵਟ ਕਾਰਨ ਆਪਣੇ ਅੱਧੇ ਤੋਂ ਵੱਧ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਅਨੁਸਾਰ, 2021 ਦੀ ਤੀਜੀ ਤਿਮਾਹੀ ਵਿੱਚ ਪੰਜ ਲੱਖ ਤੋਂ ਵੱਧ ਅਫ਼ਗਾਨ ਕਾਮਿਆਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਅਤੇ ਤਾਲਿਬਾਨ ਦੇ ਕੰਟਰੋਲ ਵਿੱਚ ਆਉਣ ਤੋਂ ਬਾਅਦ ਨੌਕਰੀਆਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ 2022 ਮੱਧ ਤਕ ਸੱਤ ਤੋਂ ਨੌਂ ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ।