Canada

ਕੈਨੇਡਾ ’ਚ ਹਰ ਸਿਗਰਟ ’ਤੇ ਛਪੇਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਦਮ ਚੁੱਕਣ ਵਾਲਾ ਹੋਵੇਗਾ ਦੁਨੀਆ ਦਾ ਪਹਿਲਾ ਦੇਸ਼

ਕੈਨੇਡਾ ’ਚ ਹਰ ਸਿਗਰਟ ’ਤੇ ਸਿਹਤ ਸਬੰਧੀ ਚਿਤਾਵਨੀ ਛਾਪਣਾ ਲਾਜ਼ਮੀ ਹੋਣ ਵਾਲਾ ਹੈ। ਅਜਿਹਾ ਕਦਮ ਚੁੱਕਣ ਵਾਲਾ ਉਹ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ। ਦੋ ਦਹਾਕੇ ਪਹਿਲਾਂ ਕੈਨੇਡਾ ’ਚ ਤੰਬਾਕੂ ਦੇ ਪੈਕਟ ’ਤੇ ਗ੍ਰਾਫਿਕ ਤਸਵੀਰ ਵਾਲੀ ਚਿਤਾਵਨੀ ਛਾਪਣ ਦੀ ਨੀਤੀ ਅਪਣਾਈ ਗਈ ਸੀ, ਜਿਸ ਨੂੰ ਬਾਅਦ ’ਚ ਦੁਨੀਆ ਭਰ ਨੇ ਅਪਣਾਇਆ।

ਕੈਨੇਡਾ ਦੇ ਇਕ ਮੰਤਰੀ ਕੈਰੋਲਿਨ ਬੈਨੇਟ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ, ‘ਅਸੀਂ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨਾ ਹੈ ਕਿ ਇਨ੍ਹਾਂ ਸੰਦੇਸ਼ਾਂ ਦਾ ਅਸਰ ਘੱਟ ਹੋ ਗਿਆ ਹੈ। ਹਰ ਤੰਬਾਕੂ ਉਤਪਾਦ ’ਤੇ ਸਿਹਤ ਸਬੰਧੀ ਚਿਤਾਵਨੀ ਲਿਖ ਕੇ ਯਕੀਨੀ ਬਣਾਇਆ ਜਾ ਸਕੇੇਗਾ ਕਿ ਇਹ ਜ਼ਰੂਰੀ ਸੰਦੇਸ਼ ਹਰ ਵਿਅਕਤੀ ਤਕ ਪੁੱਜੇ। ਇਨ੍ਹਾਂ ’ਚ ਉਹ ਨੌਜਵਾਨ ਵੀ ਸ਼ਾਮਲ ਹਨ, ਜਿਹਡ਼ੇ ਇਕੋ ਵਾਰੀ ’ਚ ਸਿਗਰਟ ਪੀ ਲੈਂਦੇ ਹਨ ਤੇ ਪੈਕਟ ’ਤੇ ਲਿਖੀ ਚਿਤਾਵਨੀ ਨਹੀਂ ਦੇਖ ਸਕਦੇ।’ ਇਸ ਤਜਵੀਜ਼ ’ਤੇ ਸ਼ਨਿਚਰਵਾਰ ਨੂੰ ਚਰਚਾ ਹੋਵੇਗੀ। ਸਰਕਾਰ ਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਅੰਤ ਤਕ ਇਹ ਨਿਯਮ ਲਾਗੂ ਕਰ ਦਿੱਤਾ ਜਾਵੇਗਾ।

ਬੈਨੇਟ ਨੇ ਕਿਹਾ ਕਿ ਹਰ ਸਿਗਰਟ ’ਤੇ ‘ਹਰ ਕਸ਼ ’ਚ ਜ਼ਹਿਰ ਹੈ’ ਸੰਦੇਸ਼ ਲਿਖਣ ਦੀ ਤਜਵੀਜ਼ ਹੈ, ਪਰ ਇਸ ’ਚ ਬਦਲਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਗਰਟ ਦੇ ਪੈਕਟ ’ਤੇ ਵਿਸਥਾਰ ਨਾਲ ਚਿਤਾਵਨੀ ਲਿਖੀ ਜਾਵੇਗੀ, ਜਿਸ ਵਿਚ ਧੂੰਆਂਨੋਸ਼ੀ ਦੇ ਸਿਹਤ ’ਤੇ ਪੈਣ ਵਾਲੇ ਅਸਰ ਦਾ ਵੀ ਜ਼ਿਕਰ ਹੋਵੇਗਾ। ਇਨ੍ਹਾਂ ’ਚ ਪੇਟ ਦਾ ਕੈਂਸਰ, ਕੋਲੋਰੈਕਟਲ ਕੈਸਰ, ਡਾਇਬਟੀਜ਼ ਤੇ ਪੈਰੀਫਰਲ ਵਸਕੂਲਰ ਡਿਜ਼ੀਜ਼ ਸ਼ਾਮਲ ਹਨ।

ਕੈਨੇਡਾ ਸਥਿਤ ਕੈਂਸਰ ਸੁਸਾਇਟੀ ਦੇ ਸੀਨੀਅਰ ਵਿਸ਼ਲੇਸ਼ਕ ਰਾਓ ਕਨਿੰਘਮ ਨੇ ਕਿਹਾ, ‘ਸਾਨੂੰ ਉਮੀਦ ਹੈ ਕਿ ਸਿਗਰਟ ’ਤੇ ਛਪੀ ਚਿਤਾਵਨੀ, ਪੈਕਟ ’ਤੇ ਛਪਣ ਵਾਲੀ ਚਿਤਾਵਨੀ ਵਾਂਗ ਹੀ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਹੋ ਜਾਵੇਗੀ। ਇਹ ਨੀਤੀ ਮਿਸਾਲ ਬਣੇਗੀ ਤੇ ਧੂੰਆਂਨੋਸ਼ੀ ’ਤੇ ਕਾਬੂ ਪਾਉਣ ’ਚ ਮਦਦਗਾਰ ਸਾਬਿਤ ਹੋਵੇਗੀ।’ ਕੈਨੇਡਾ ’ਚ ਧੂੰਆਂਨੋਸ਼ੀ ਦੀ ਦਰ ਹੌਲੀ-ਹੌਲੀ ਘੱਟ ਹੋ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਜਾਰੀ ਸਰਕਾਰੀ ਅੰਕਡ਼ੇ ਦੱਸਦੇ ਹਨ ਕਿ 10 ਫ਼ੀਸਦੀ ਕੈਨੇਡਾ ਵਾਸੀ ਨਿਯਮਿਤ ਧੂੰਆਂਨੋਸ਼ੀ ਕਰਦੇ ਹਨ, ਜਿਸ ਨੂੰ ਸਰਕਾਰ ਸਾਲ 2035 ਤਕ ਪੰਜ ਫ਼ੀਸਦੀ ’ਤੇ ਲਿਆਉਣਾ ਚਾਹੁੰਦੀ ਹੈ।

Related posts

Void created in politics can never be filled: Jagdambika Pal pays tributes to Dr Singh

Gagan Oberoi

ਕੈਲਗਰੀ `ਚ ਅਸਥਾਈ ਤੌਰ `ਤੇ ‘ਸਮਾਜਿਕ ਦੂਰੀ’ ਲਈ ਕੁਝ ਪ੍ਰਮੁੱਖ ਸੜਕਾਂ ਬੰਦ

Gagan Oberoi

13 ਜੁਲਾਈ ਤੋਂ ਅਲਬਰਟਾ ‘ਚ ਫਿਰ ਵੰਡਣੇ ਸ਼ੂਰੂ ਕੀਤੇ ਜਾਣਗੇ ਮੁਫ਼ਤ ਨਾਨ-ਮੈਡੀਕਲ ਮਾਸਕ

Gagan Oberoi

Leave a Comment