ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਇਆ ਹੈ, ਪਰ ਰਾਤ ਨੂੰ ਹਲਕੀ ਠੰਢ ਅਜੇ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ (IMD) ਨੇ 2 ਦਿਨਾਂ ਯਾਨੀ 26 ਅਤੇ 27 ਫਰਵਰੀ ਨੂੰ ਮੌਸਮ ‘ਚ ਬਦਲਾਅ ਦੀ ਸੰਭਾਵਨਾ ਜਤਾਈ ਹੈ। ਆਈਐਮਡੀ ਨੇ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ, ਹਨੇਰੀ, ਤੂਫ਼ਾਨ ਅਤੇ ਗੜੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕਿਹਾ ਹੈ ਕਿ 29 ਫਰਵਰੀ ਨੂੰ ਭਾਰਤ ਦੇ ਪਹਾੜੀ ਰਾਜਾਂ ‘ਚ ਇਕ ਨਵੀਂ ਪੱਛਮੀ ਗੜਬੜੀ ਆਉਣ ਵਾਲੀ ਹੈ। ਆਈਐਮਡੀ ਮੁਤਾਬਕ 27 ਫਰਵਰੀ ਦਰਮਿਆਨ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ।
ਆਈਐਮਡੀ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 26 ਫਰਵਰੀ ਦੀ ਰਾਤ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 27 ਫਰਵਰੀ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਆਈਐਮਡੀ ਮੁਤਾਬਕ ਇਸ ਪੂਰੇ ਹਫ਼ਤੇ ਦਿੱਲੀ ਦਾ ਘੱਟੋ-ਘੱਟ ਤਾਪਮਾਨ 8 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਸਕਾਈਮੈਟ ਵੈਦਰ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ‘ਚ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਪੂਰਬੀ ਅਸਾਮ, ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਉੜੀਸਾ, ਤੱਟੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਛੱਤੀਸਗੜ੍ਹ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। 24 ਘੰਟਿਆਂ ਬਾਅਦ ਮਰਾਠਵਾੜਾ, ਵਿਦਰਭ ਅਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਵੀ ਸ਼ੁਰੂ ਹੋ ਸਕਦੀਆਂ ਹਨ।