FBI ਦੇ ਸਾਬਕਾ ਏਜੰਟ ਰਾਬਰਟ ਹੈਨਸਨ ਦੀ ਸੋਮਵਾਰ ਨੂੰ ਜੇਲ੍ਹ ਵਿੱਚ ਮੌਤ ਹੋ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਉਹ ਸੋਮਵਾਰ ਨੂੰ ਕੋਲੋਰਾਡੋ ‘ਚ ਆਪਣੀ ਜੇਲ ਦੀ ਕੋਠੜੀ ‘ਚ ਮ੍ਰਿਤਕ ਪਾਇਆ ਗਿਆ। ਉਨ੍ਹਾਂ ਦੀ ਉਮਰ 79 ਸਾਲ ਸੀ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਜਾਸੂਸ ਮੰਨੇ ਜਾਣ ਵਾਲੇ ਰੌਬਰਟ ਨੂੰ 20 ਸਾਲ ਤੋਂ ਵੱਧ ਸਮੇਂ ਤੱਕ ਰੂਸ ਲਈ ਜਾਸੂਸੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ, ਦੋਸ਼ੀ ਸਾਬਤ ਹੋਣ ਤੋਂ ਬਾਅਦ ਰਾਬਰਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਰਿਪੋਰਟਾਂ ਮੁਤਾਬਕ 79 ਸਾਲਾ ਹੈਨਸਨ ਆਪਣੇ ਲਾਕਅੱਪ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲਿਆ ਹੈ। ਜੇਲ੍ਹ ਸਟਾਫ਼ ਨੇ ਕਾਹਲੀ ਨਾਲ ਡਾਕਟਰਾਂ ਨੂੰ ਦਿਖਾਇਆ। ਹਾਲਾਂਕਿ ਡਾਕਟਰਾਂ ਨੇ ਤੁਰੰਤ ਰਾਬਰਟ ਨੂੰ ਮ੍ਰਿਤਕ ਐਲਾਨ ਦਿੱਤਾ। ਰਿਪੋਰਟ ਮੁਤਾਬਕ ਰਾਬਰਟ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਐਫਬੀਆਈ ਦੀ ਵੈੱਬਸਾਈਟ ਮੁਤਾਬਕ ਰਾਬਰਟ 1976 ਵਿੱਚ ਐਫਬੀਆਈ ਵਿੱਚ ਸ਼ਾਮਲ ਹੋਇਆ ਸੀ। ਐਫਬੀਆਈ ਵਿੱਚ ਸ਼ਾਮਲ ਹੋਣ ਤੋਂ ਲਗਭਗ ਦਸ ਸਾਲ ਬਾਅਦ ਰਾਬਰਟ ਹੈਨਸਨ ਨੇ ਸੋਵੀਅਤ ਯੂਨੀਅਨ ਨੂੰ ਖੁਫੀਆ ਜਾਣਕਾਰੀ ਵੇਚਣੀ ਸ਼ੁਰੂ ਕਰ ਦਿੱਤੀ ਸੀ।