ਅੰਮ੍ਰਿਤਸਰ ਦਾ ਰਹਿਣ ਵਾਲਾ ਨੌਜਵਾਨ ਤੇਜਪਾਲ ਸਿੰਘ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਸ਼ਹੀਦ ਹੋ ਗਿਆ ਹੈ। ਤੇਜਪਾਲ ਦੀ ਉਮਰ 30 ਸਾਲ ਸੀ। ਰੂਸ ਤੇ ਯੂਕਰੇਨ ਵਿਚਾਲ ਚੱਲ ਜੰਗ ਦੌਰਾਨ ਉਸ ਦੀ ਮੌਤ 12 ਮਾਰਚ ਨੂੰ ਹੋਈ ਸੀ ਅਤੇ ਪਰਿਵਾਰ ਨੂੰ 9 ਜੂਨ ਨੂੰ ਪਤਾ ਲੱਗਾ। ਤੇਜਪਾਲ ਤੋਂ ਇਲਾਵਾ ਇੱਕ ਹੋਰ ਭਾਰਤੀ ਜੰਗ ਵਿੱਚ ਸ਼ਹੀਦ ਹੋ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਦੋਵਾਂ ਭਾਰਤੀਆਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ।
ਪਾਲਮ ਵਿਹਾਰ ਵਿੱਚ ਪ੍ਰੀਤਪਾਲ ਸਿੰਘ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਪ੍ਰੀਤਪਾਲ ਸਿੰਘ ਦੇ ਦੋ ਪੁੱਤਰਾਂ ਵਿੱਚੋਂ ਤੇਜਪਾਲ ਵੱਡਾ ਸੀ। ਉਸ ਦਾ ਵਿਆਹ 2017 ਵਿੱਚ ਪਰਮਿੰਦਰ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ 6 ਸਾਲ ਦਾ ਬੇਟਾ ਅਤੇ 3 ਸਾਲ ਦੀ ਬੇਟੀ ਹੈ। ਪਰਮਿੰਦਰ ਕੌਰ ਨੇ ਦੱਸਿਆ ਕਿ ਤੇਜਪਾਲ ਨੇ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਇਆ।
ਫਿਰ ਉਸਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਉਹ 12 ਜਨਵਰੀ ਨੂੰ ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ ਅਤੇ ਉਥੇ ਫੌਜ ‘ਚ ਭਰਤੀ ਹੋ ਗਿਆ ਸੀ। ਸਿਖਲਾਈ ਤੋਂ ਬਾਅਦ, ਉਸ ਨੂੰ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਕੀਤਾ ਗਿਆ ਸੀ, ਜਿੱਥੇ ਉਹ ਯੁੱਧ ਦੌਰਾਨ ਮਾਰਿਆ ਗਿਆ ਸੀ।
ਪਰਮਿੰਦਰ ਨੇ ਦੱਸਿਆ ਕਿ 3 ਮਾਰਚ ਨੂੰ ਉਸ ਨੇ ਫੋਨ ਕਰਕੇ ਕਿਹਾ ਕਿ ਉਹ ਕੁਝ ਦਿਨ ਗੱਲ ਨਹੀਂ ਕਰ ਸਕੇਗਾ ਕਿਉਂਕਿ ਉਹ ਲੜਨ ਜਾ ਰਿਹਾ ਹੈ। ਜਦੋਂ ਕਾਫੀ ਦੇਰ ਤੱਕ ਫੋਨ ਨਹੀਂ ਆਇਆ ਤਾਂ ਪਰਮਿੰਦਰ ਕੌਰ ਨੇ ਰੂਸ ਦੇ ਆਰਮੀ ਹੈੱਡ ਆਫਿਸ ਫੋਨ ਕੀਤਾ। ਫਿਰ ‘ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ।