ਕਰੀਮ ਬੇਂਜੇਮਾ ਦੇ ਦੂਜੇ ਅੱਧ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਰੀਅਲ ਮੈਡਿ੍ਡ ਨੇ ਸਪੈਨਿਸ਼ ਲੀਗ ਲਾ ਲੀਗਾ ਵਿਚ ਮਾਰਲੋਕਾ ਨੂੰ 3-0 ਨਾਲ ਹਰਾ ਕੇ ਚੋਟੀ ਦੇ ਸਥਾਨ ‘ਤੇ ਆਪਣੀ ਬੜ੍ਹਤ ਨੂੰ ਮਜ਼ਬੂਤ ਕਰ ਲਿਆ ਹੈ। ਇਸ ਜਿੱਤ ਤੋਂ ਬਾਅਦ ਰੀਅਲ ਮੈਡਿ੍ਡ ਨੇ ਦੂਜੇ ਸਥਾਨ ‘ਤੇ ਮੌਜੂਦ ਸੇਵੀਆ ਤੋਂ 10 ਅੰਕਾਂ ਦਾ ਫ਼ਾਸਲਾ ਕਰ ਲਿਆ ਹੈ।
ਸੇਵੀਆ ਦੇ 28 ਮੈਚਾਂ ਵਿਚ 56 ਅੰਕ ਹਨ। ਬੇਂਜੇਮਾ ਨੇ ਸਾਰੀਆਂ ਚੈਂਪੀਅਨਸ਼ਿਪਾਂ ਮਿਲਾ ਕੇ ਪਿਛਲੇ ਪੰਜ ਮੈਚਾਂ ਵਿਚ ਅੱਠ ਗੋਲ ਕੀਤੇ ਹਨ। ਇਸ ਤੋਂ ਪਹਿਲਾਂ, ਦੋਵਾਂ ਟੀਮਾਂ ਵਿਚਾਲੇ ਪਹਿਲੇ ਅੱਧ ਤਕ ਮੁਕਾਬਲਾ ਗੋਲਰਹਿਤ ਰਿਹਾ। ਪਰ ਦੂਜੇ ਅੱਧ ਵਿਚ ਰੀਅਲ ਮੈਡਿ੍ਡ ਵੱਲੋਂ ਵਿਨੀ ਜੂਨੀਅਰ ਨੇ 55ਵੇਂ ਮਿੰਟ ਵਿਚ ਬੇਂਜੇਮਾ ਦੇ ਪਾਸ ‘ਤੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਫਿਰ ਬੇਂਜੇਮਾ ਨੇ 77ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਟੀਮ ਦੀ ਬੜ੍ਹਤ 2-0 ਕੀਤੀ। ਇਸ ਤੋਂ ਬਾਅਦ ਬੇਂਜੇਮਾ ਨੇ ਮਾਰਸੇਲੋ ਦੇ ਪਾਸ ‘ਤੇ 82ਵੇਂ ਮਿੰਟ ਵਿਚ ਗੋਲ ਕਰ ਕੇ ਮੈਚ ਨੂੰ ਇਕਤਰਫ਼ਾ ਬਣਾ ਦਿੱਤਾ। ਮਾਲੋਰਕਾ ਦੀ ਟੀਮ ਆਖ਼ਰੀ ਸਮੇਂ ਤਕ ਇਕ ਵੀ ਗੋਲ ਨਹੀਂ ਕਰ ਸਕੀ।
ਕ੍ਰਿਸਟਲ ਪੈਲੇਸ ਨਾਲ ਮਾਨਚੈਸਟਰ ਸਿਟੀ ਦਾ ਮੁਕਾਬਲਾ ਡਰਾਅ ਰਿਹਾ
ਲੰਡਨ (ਏਪੀ) : ਮਾਨਚੈਸਟਰ ਸਿਟੀ ਤੇ ਕ੍ਰਿਸਟਲ ਪੈਲੇਸ ਵਿਚਾਲੇ ਪ੍ਰੀਮੀਅਰ ਲੀਗ ਦਾ ਮੁਕਾਬਲਾ ਗੋਲਰਹਿਤ ਡਰਾਅ ‘ਤੇ ਖ਼ਤਮ ਹੋਇਆ। ਦੋਵਾਂ ਟੀਮਾਂ ਵੱਲੋਂ ਆਖ਼ਰੀ ਸੀਟੀ ਵੱਜਣ ਤਕ ਗੋਲ ਨਹੀਂ ਹੋ ਸਕਿਆ। ਮੈਚ ਦਾ ਨਤੀਜਾ ਨਾ ਨਿਕਲਣ ਦੇ ਬਾਵਜੂਦ ਮਾਨਚੈਸਟਰ ਸਿਟੀ ਦੀ ਟੀਮ ਅੰਕ ਸੂਚੀ ਵਿਚ ਸਿਖਰ ‘ਤੇ ਬਣੀ ਹੋਈ ਹੈ।