ਪੰਜਾਬ ‘ਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਗੈਂਗਸਟਰਾਂ ਵੱਲੋਂ ਹੱਤਿਆ ਕੀਤੇ ਜਾਣ ਨਾਲ ਦੇਸ਼-ਦੁਨੀਆ ‘ਚ ਉਸ ਦੇ ਪ੍ਰਸ਼ੰਸਕ ਹੈਰਾਨ ਤੇ ਗ਼ਮਜ਼ਦਾ ਹਨ। ਗੰਨ ਕਲਚਰ ਸਬੰਧੀ ਆਪਣੇ ਖਾਸ ਅੰਦਾਜ਼ ਵਾਲੇ ਗੀਤਾਂ ਨਾਲ ਉਹ ਨੌਜਵਾਨਾਂ ‘ਚ ਖਾਸਾ ਮਸ਼ਹੂਰ ਸੀ। 11 ਜੂਨ, 1993 ਨੂੰ ਜਨਮੇ ਮੂਸੇਵਾਲਾ ਜਨਮਦਿਨ ‘ਤੇ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸੀ। ਉਸ ਦਾ ਵਿਆਹ ਤੈਅ ਹੋ ਗਿਆ ਸੀ ਤੇ ਸੱਦਾ ਪੱਤਰ ਵੰਡੇ ਜਾ ਰਹੇ ਸੀ। ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਮਾਂ ਚਰਨਜੀਤ ਕੌਰ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਸੀ ਤੇ ਇਸ ਨੂੰ ਪ੍ਰੇਮ ਵਿਆਹ ਦੱਸਿਆ ਸੀ।
ਸਿੱਧੂ ਮੂਸੇਵਾਲਾ ਦੀ ਹੱਤਿਆ ਨਾਲ ਉਸ ਦੀ ਮਾਂ ਦਾ ਪੁੱਤਰ ਦੇ ਸਿਰ ਸਿਹਰਾ ਦੇਖਣ ਦਾ ਸੁਪਨਾ ਹੁਣ ਸੁਪਨਾ ਹੀ ਰਹਿ ਗਿਆ। ਖਬਰਾਂ ਮੁਤਾਬਕ ਸੋਮਵਾਰ ਨੂੰ ਉਸ ਦੀ ਮੰਗੇਤਰ ਨੇ ਵੀ ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਕੀਤੇ ਹਾਲਾਂਕਿ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।ਸਿੱਧੂ ਮੂਸੇਵਾਲਾ ਦੀ ਉਮਰ ਸਿਰਫ਼ 28 ਸਾਲ ਸੀ। ਪਿਛਲੇ ਛੇ-ਸੱਤ ਸਾਲਾਂ ‘ਚ ਹੀ ਉਸ ਨੇ ਗੀਤ-ਸੰਗੀਤ ਦੀ ਦੁਨੀਆ ‘ਚ ਵੱਡਾ ਨਾਂ ਕਮਾ ਲਿਆ ਸੀ। ਉਹ ਭਾਰਤ ਦੇ ਨਾਲ-ਨਾਲ ਪਾਕਿਸਤਾਨ ਤੇ ਕੈਨੇਡਾ ‘ਚ ਵੀ ਨੌਜਵਾਨਾਂ ਵਿਚਕਾਰ ਕਾਫੀ ਹਰਮਨਪਿਆਰਾ ਸੀ। ਪਿਛਲੇ ਸਾਲ ਦੇ ਅਖੀਰ ‘ਚ ਉਸ ਨੇ ਤਤਕਾਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਕਾਂਗਰਸ ਜੁਆਇੰਨ ਕੀਤੀ ਸੀ। ਉਹ ਮਾਨਸਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੀ ਟਿਕਟ ‘ਤੇ ਚੋਣ ਲੜਿਆ ਪਰ ਆਮ ਆਦਮੀ ਪਾਰਟੀ ਦੇ ਡਾ. ਵਿਜੈ ਸਿੰਗਲਾ ਦੇ ਹੱਥੋਂ ਹਾਰ ਗਿਆ ਸੀ।