ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕ੍ਰੇਨ ਦੇ ਬਾਗੀ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ ਆਜ਼ਾਦ ਰਾਜਾਂ ਵਜੋਂ ਮਾਨਤਾ ਦਿੱਤੀ ਹੈ। ਰੂਸ ਦੇ ਇਸ ਕਦਮ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸੋਮਵਾਰ ਨੂੰ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ। ਇਸ ਆਦੇਸ਼ ਦੇ ਅਨੁਸਾਰ, ਯੂਕ੍ਰੇਨ ਦੇ DNR ਤੇ LNR ਖੇਤਰਾਂ ਵਿੱਚ ਅਮਰੀਕੀ ਵਿਅਕਤੀਆਂ ਦੇ ਨਵੇਂ ਨਿਵੇਸ਼, ਵਪਾਰ ਅਤੇ ਵਿੱਤ ਦੀ ਮਨਾਹੀ ਹੋਵੇਗੀ। ਬਾਇਡਨ ਵੱਲੋਂ ਹਸਤਾਖਰ ਕੀਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਯੂਕ੍ਰੇਨ ਦੀ ਸ਼ਾਂਤੀ, ਸਥਿਰਤਾ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਖਤਰਾ ਹੈ। ਇਸ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਲਈ ਵੀ ਵੱਡਾ ਅਤੇ ਅਸਾਧਾਰਨ ਖਤਰਾ ਪੈਦਾ ਹੋ ਗਿਆ ਹੈ।
ਜੋ ਬਾਇਡਨ ਨੇ ਕੀ ਕਿਹਾ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ, “ਰੂਸ ਨੇ ਖੁੱਲ੍ਹੇਆਮ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਮੈਂ ਇਸ ਉਲੰਘਣਾ ਤੋਂ ਰੂਸ ਨੂੰ ਲਾਭ ਉਠਾਉਣ ਤੋਂ ਰੋਕਣ ਲਈ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ।” ਅਸੀਂ ਇਹ ਫੈਸਲਾ ਕਰਨ ਲਈ ਕਿ ਸਾਡੀ ਅਗਲੀ ਕਾਰਵਾਈ ਕੀ ਹੋਣੀ ਚਾਹੀਦੀ ਹੈ, ਅਸੀਂ ਯੂਕ੍ਰੇਨ ਸਮੇਤ ਆਪਣੇ ਸਹਿਯੋਗੀਆਂ ਅਤੇ ਭਾਈਵਾਲ ਦੇਸ਼ਾਂ ਨਾਲ ਨੇੜਿਓਂ ਸਲਾਹ-ਮਸ਼ਵਰਾ ਕਰ ਰਹੇ ਹਾਂ।
ਯੂਕ੍ਰੇਨ ਦੇ ਰਾਸ਼ਟਰਪਤੀ ਨੇ ਰੂਸ ਦੇ ਫੈਸਲੇ ‘ਤੇ ਬੋਲੇ
ਰੂਸੀ ਰਾਸ਼ਟਰਪਤੀ ਪੁਤਿਨ ਦੇ ਇਸ ਐਲਾਨ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਵਲਦੀਮੀਰ ਜ਼ੇਲੇਂਸਕੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਉਹ ਬਾਗੀਆਂ ਨੂੰ ਮਾਨਤਾ ਦੇਣ ਦੇ ਰੂਸ ਦੇ ਫੈਸਲੇ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਸਰਕਾਰ ਨੂੰ ਪੱਛਮੀ ਦੇਸ਼ਾਂ ਤੋਂ ਪੂਰਾ ਸਹਿਯੋਗ ਮਿਲੇਗਾ।
ਬ੍ਰਿਟੇਨ ਅਤੇ ਐਸਟੋਨੀਆ ਰੂਸ ‘ਤੇ ਪਾਬੰਦੀਆਂ ਲਗਾਉਣਗੇ
ਇਸ ਦੇ ਨਾਲ ਹੀ ਬ੍ਰਿਟੇਨ ਅਤੇ ਐਸਟੋਨੀਆ ਨੇ ਵੀ ਪੁਤਿਨ ਦੇ ਫੈਸਲੇ ਤੋਂ ਬਾਅਦ ਰੂਸ ‘ਤੇ ਪਾਬੰਦੀਆਂ ਲਗਾਉਣ ਦੀ ਗੱਲ ਕੀਤੀ। ਬ੍ਰਿਟੇਨ ਨੇ ਕਿਹਾ ਕਿ ਅੱਜ ਸਰਕਾਰ ਦੁਆਰਾ ਰੂਸ ‘ਤੇ ਕੁਝ ਨਵੀਆਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਬ੍ਰਿਟੇਨ ਨੇ ਰੂਸ ਦੇ ਫੈਸਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਮੰਨਿਆ ਹੈ। ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ‘ਤੇ ਹਮਲਾ ਹੈ। ਦੂਜੇ ਪਾਸੇ ਐਸਟੋਨੀਆ ਦੇ ਪ੍ਰਧਾਨ ਮੰਤਰੀ ਕਾਜਾ ਕਾਲਸ ਨੇ ਕਿਹਾ ਕਿ ਅਸੀਂ ਰੂਸ ਦੇ ਇਸ ਕਦਮ ਦੀ ਨਿੰਦਾ ਕਰਦੇ ਹਾਂ ਅਤੇ ਇਹ ਯੂਕ੍ਰੇਨ ਦੀ ਅਖੰਡਤਾ ਦੀ ਉਲੰਘਣਾ ਹੈ। ਰੂਸ ਕੂਟਨੀਤਕ ਦਰਵਾਜ਼ੇ ਬੰਦ ਕਰਕੇ ਜੰਗ ਦਾ ਬਹਾਨਾ ਬਣਾ ਰਿਹਾ ਹੈ।
ਯੂਰਪੀਅਨ ਯੂਨੀਅਨ ਅਤੇ ਯੂਰਪੀਅਨ ਕਮਿਸ਼ਨ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ
ਯੂਰਪੀਅਨ ਯੂਨੀਅਨ ਦੇ ਪ੍ਰਧਾਨ ਚਾਰਲਸ ਮਿਸ਼ੇਲ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੈਨ ਡੇਰ ਲੇਅਨ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਰੂਸ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ। ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਰੂਸ ਦਾ ਇਹ ਕਦਮ ਅੰਤਰਰਾਸ਼ਟਰੀ ਕਾਨੂੰਨ ਦੇ ਨਾਲ-ਨਾਲ ਮਿੰਸਕ ਸਮਝੌਤੇ ਦੀ ਵੀ ਉਲੰਘਣਾ ਕਰਦਾ ਹੈ। ਅਸੀਂ ਇਸਦੀਆਂ ਸਰਹੱਦਾਂ ਦੇ ਅੰਦਰ ਯੂਕ੍ਰੇਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਆਪਣੇ ਅਟੁੱਟ ਸਮਰਥਨ ਨੂੰ ਦੁਹਰਾਉਂਦੇ ਹਾਂ।
ਰੂਸ ‘ਤੇ ਭੜਕਿਆ ਨਾਟੋ
ਇਸ ਦੇ ਨਾਲ ਹੀ ਯੂਕ੍ਰੇਨ ‘ਤੇ ਰੂਸ ਦੇ ਇਸ ਕਦਮ ਤੋਂ ਬਾਅਦ ਨਾਟੋ ਵੀ ਭੜਕ ਗਿਆ ਹੈ। ਸਖ਼ਤ ਪ੍ਰਤੀਕਿਰਿਆ ਕਰਦੇ ਹੋਏ, ਨਾਟੋ ਨੇ ਕਿਹਾ ਕਿ ਇਹ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰੇਗਾ, ਅਤੇ ਸੰਘਰਸ਼ ਨੂੰ ਸੁਲਝਾਉਣ ਲਈ ਚੱਲ ਰਹੇ ਯਤਨਾਂ ਨੂੰ ਵੱਡਾ ਝਟਕਾ ਦੇਵੇਗਾ। 2015 ਵਿੱਚ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਯੂਕ੍ਰੇਨ ਦੀ ਪ੍ਰਭੂਸੱਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਲਈ ਸਨਮਾਨ ਦੀ ਪੁਸ਼ਟੀ ਕੀਤੀ, ਜਿਸ ਵਿੱਚ ਰੂਸ ਵੀ ਸ਼ਾਮਲ ਸੀ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਮੀਟਿੰਗ ਅੱਜ ਹੋਵੇਗੀ
ਇੱਕ ਸੂਤਰ ਨੇ ਏਐਨਆਈ ਨੂੰ ਦੱਸਿਆ ਕਿ ਸੰਯੁਕਤ ਰਾਜ ਅਤੇ ਸਹਿਯੋਗੀ ਦੇਸ਼ਾਂ ਨੇ ਸੋਮਵਾਰ ਨੂੰ ਯੂਕ੍ਰੇਨ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦੀ ਇੱਕ ਜ਼ਰੂਰੀ ਬੈਠਕ ਦੀ ਬੇਨਤੀ ਕੀਤੀ। ਖਾਸ ਤੌਰ ‘ਤੇ, ਪੁਤਿਨ ਨੇ ਸੋਮਵਾਰ ਨੂੰ ਡੋਨੇਟਸਕ ਅਤੇ ਲੁਹਾਨਸਕ ਤੋਂ ਵੱਖ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਇਕ ਆਦੇਸ਼ ‘ਤੇ ਦਸਤਖਤ ਕੀਤੇ। ਪੁਤਿਨ ਨੇ ਇਹ ਐਲਾਨ ਟੀਵੀ ‘ਤੇ ਰੂਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਘੋਸ਼ਣਾ ਤੋਂ ਬਾਅਦ ਅਮਰੀਕਾ ਨੇ ਕਿਹਾ ਕਿ ਉਹ ਯੂਕ੍ਰੇਨ ਦੇ ਦੋ ਰੂਸ ਸਮਰਥਿਤ ਵੱਖਵਾਦੀ ਖੇਤਰਾਂ ‘ਤੇ ਜਲਦੀ ਹੀ ਪਾਬੰਦੀਆਂ ਲਗਾਵੇਗਾ। ਇਸ ਦੇ ਨਾਲ ਹੀ ਅਮਰੀਕਾ ਨੇ ਪੁਤਿਨ ਦੇ ਅਖੌਤੀ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰਿਪਬਲਿਕਾਂ ਨੂੰ ਸੁਤੰਤਰ ਦੇਸ਼ਾਂ ਵਜੋਂ ਮਾਨਤਾ ਦੇਣ ਦੇ ਫੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇੱਕ ਜ਼ਰੂਰੀ ਮੀਟਿੰਗ ਲਈ ਯੂਕ੍ਰੇਨ ਦੇ ਸੱਦੇ ਦਾ ਸਮਰਥਨ ਕੀਤਾ। “ਅਸੀਂ ਸੁਰੱਖਿਆ ਪ੍ਰੀਸ਼ਦ ਦੀ ਇੱਕ ਜ਼ਰੂਰੀ ਮੀਟਿੰਗ ਲਈ ਯੂਕ੍ਰੋੇਨ ਦੇ ਸੱਦੇ ਦਾ ਸਮਰਥਨ ਕਰਦੇ ਹਾਂ। ਸੁਰੱਖਿਆ ਕੌਂਸਲ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਰੂਸ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰੇ।
ਅਮਰੀਕੀ ਰਾਸ਼ਟਰਪਤੀ ਨੇ ਫੋਨ ‘ਤੇ ਗੱਲ ਕੀਤੀ
ਇਸ ਦੇ ਨਾਲ ਹੀ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਜੋ ਬਾਇਡਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਜਰਮਨ ਚਾਂਸਲਰ ਓਲਾਫ ਸਕੋਲਜ਼ ਨਾਲ ਵੀ ਸੁਰੱਖਿਅਤ ਲਾਈਨ ‘ਤੇ ਗੱਲ ਕੀਤੀ ਹੈ। ਦੋਹਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੇ ਵੀ ਪੁਤਿਨ ਦੇ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਜੇ ਬਲਿੰਕਨ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਅਖੌਤੀ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰਿਪਬਲਿਕਾਂ ਨੂੰ ਵੱਖਰੇ ਦੇਸ਼ਾਂ ਵਜੋਂ ਮਾਨਤਾ ਦੇਣ ਦੇ ਰਾਸ਼ਟਰਪਤੀ ਪੁਤਿਨ ਦੇ ਫੈਸਲੇ ਦੀ ਸਖ਼ਤ ਨਿੰਦਾ ਕਰਦੇ ਹਾਂ।
ਮਾਮਲਾ ਕੀ ਹੈ
ਦਰਅਸਲ, ਯੂਕ੍ਰੇਨ ‘ਤੇ ਵੱਡਾ ਕਦਮ ਚੁੱਕਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਪੂਰਬੀ ਯੂਕ੍ਰੇਨ ਦੇ ਬਾਗੀ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ ਆਜ਼ਾਦ ਦੇਸ਼ ਦੇ ਰੂਪ ‘ਚ ਮਾਨਤਾ ਦਿੱਤੀ ਅਤੇ ਨਾਲ ਹੀ ਸੁਰੱਖਿਆ ਸਮਝੌਤੇ ਦਾ ਐਲਾਨ ਵੀ ਕੀਤਾ। ਪੁਤਿਨ ਨੇ ਯੂਕ੍ਰੇਨੀ ਫੌਜ ਨੂੰ ਦੋਵਾਂ ਖੇਤਰਾਂ ‘ਤੇ ਗੋਲਾਬਾਰੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਮਝੌਤੇ ਦੇ ਤਹਿਤ ਰੂਸ ਹੁਣ ਉਨ੍ਹਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।