ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਤਾਜ਼ਾ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਦਰਅਸਲ ਰੂਸ ਤੇ ਯੂਕਰੇਨ ਸੋਵੀਅਤ ਸੰਘ ਦਾ ਹਿੱਸਾ ਸਨ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਰੂਸ ਤੇ ਅਮਰੀਕਾ ਦੇ ਸਬੰਧਾਂ ’ਚ ਮਤਭੇਦ ਬਣੇ ਰਹੇ ਪਰ ਯੂਰਪ ਦੇ ਨਾਲ ਲੱਗਦੇ ਆਜ਼ਾਦ ਰਾਜ ਪੱਛਮੀ ਦੇਸ਼ਾਂ ਤੇ ਅਮਰੀਕਾ ਦੇ ਨੇੜੇ ਆ ਗਏ। ਰੂਸ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਏ ਰਾਜਾਂ ਨਾਲ ਯੂਰਪੀ ਦੇਸ਼ਾਂ ਤੇ ਅਮਰੀਕਾ ਦੀ ਨੇੜਤਾ ਪਸੰਦ ਨਹੀਂ ਸੀ। ਅਮਰੀਕਾ ਤੇ ਰੂਸ ਦੀ ਸਰਬਉੱਚਤਾ ਦੀ ਲੜਾਈ ’ਚ ਇਹ ਵਿਵਾਦ ਹੋਰ ਡੂੰਘਾ ਹੋ ਗਿਆ। ਦੂਜੇ ਪਾਸੇ, ਰੂਸ ਨੂੰ ਯੂਕਰੇਨ ਤੇ ਨਾਟੋ ਦੀ ਨੇੜਤਾ ਪਸੰਦ ਨਹੀਂ ਹੈ। ਇਸ ਕਾਰਨ ਰੂਸ ਨੇ ਵੀ ਯੂਕਰੇਨ ਨੂੰ ਲੈ ਕੇ ਆਪਣੀ ਸਥਿਤੀ ਸਖ਼ਤ ਕਰ ਲਈ। ਆਓ ਜਾਣਦੇ ਹਾਂ ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਦੀ ਜੜ੍ਹਾਂ ’ਚ ਹੋਰ ਕੀ-ਕੀ ਹੈ।
1- ਮੌਜੂਦਾ ਸੰਘਰਸ਼ 2013 ’ਚ ਸ਼ੁਰੂ ਹੋਇਆ ਜਦੋਂ ਯੂਕਰੇਨ ’ਚ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੇ ਯੂਰਪੀਅਨ ਯੂਨੀਅਨ ਨਾਲ ਮਹੱਤਵਪੂਰਨ ਰਾਜਨੀਤਿਕ ਤੇ ਵਪਾਰਕ ਸੌਦਿਆਂ ਨੂੰ ਰੋਕ ਦਿੱਤਾ। ਇਸ ਫ਼ੈਸਲੇ ਖ਼ਿਲਾਫ਼ ਕਈ ਹਫ਼ਤਿਆਂ ਤਕ ਉਥੇ ਵਿਰੋਧ ਪ੍ਰਦਰਸ਼ਨ ਹੋਏ। ਕਈ ਥਾਵਾਂ ’ਤੇ ਹਿੰਸਕ ਅੰਦੋਲਨ ਹੋਏ। ਮਾਰਚ 2014 ’ਚ ਰੂਸ ਨੇ ਕ੍ਰੀਮੀਆ ’ਤੇ ਕਬਜ਼ਾ ਕਰ ਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਯੂਕਰੇਨ ਦੇ ਡੋਨੇਟਸਕ ਤੇ ਲੁਹਾਨਸਕ ’ਚ ਰੂਸ ਪੱਖੀ ਵੱਖਵਾਦੀਆਂ ਨੇ ਇਨ੍ਹਾਂ ਖੇਤਰਾਂ ਨੂੰ
ਖੁਦਮੁਖ਼ਤਿਆਰ ਘੋਸ਼ਿਤ ਕਰ ਦਿੱਤਾ। ਫਰਾਂਸ ਤੇ ਜਰਮਨੀ ਦੇ ਯਤਨਾਂ ਨਾਲ ਇਨ੍ਹਾਂ ਖੇਤਰਾਂ ਨੂੰ ਖ਼ੁਦਮੁਖਤਿਆਰ ਘੋਸ਼ਿਤ ਕਰਨ ਲਈ ਯੂਕਰੇਨ ਤੇ ਰੂਸ ਵਿਚਾਲੇ ਸਮਝੌਤਾ ਵੀ ਹੋਇਆ ਪਰ ਫਿਰ ਵੀ ਇਹ ਸੰਘਰਸ਼ ਰੁਕਿਆ ਨਹੀਂ।
2- ਸੰਯੁਕਤ ਰਾਸ਼ਟਰ ਮੁਤਾਬਕ ਮਾਰਚ 2014 ਤੋਂ ਹੁਣ ਤਕ ਵੱਖ-ਵੱਖ ਸੰਘਰਸ਼ਾਂ ’ਚ 3000 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। 1990 ਦੇ ਦਹਾਕੇ ਤਕ ਯੂਕਰੇਨ ਸਾਬਕਾ ਸੋਵੀਅਤ ਸੰਘ ਦਾ ਇੱਕ ਵੱਡਾ ਹਿੱਸਾ ਸੀ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਯੂਕਰੇਨ ਤੇ ਰੂਸ ਦੋਵੇਂ ਪ੍ਰਭੂਸੱਤਾ ਸੰਪੰਨ ਰਾਜ ਬਣ ਗਏ। ਇਹ ਸ਼ੀਤ ਯੁੱਧ ਦਾ ਦੌਰ ਸੀ। ਇਸ ਸਮੇਂ ਦੌਰਾਨ ਸੋਵੀਅਤ ਯੂਨੀਅਨ ਤੇ ਅਮਰੀਕਾ ਵਿਚਾਲੇ ਤਣਾਅ ਆਪਣੇ ਸਿਖਰ ’ਤੇ ਸੀ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਇਸ ਤੋਂ ਵੱਖ ਹੋਏ ਰਾਜਾਂ ਨੇ ਆਪਣੀ ਸੁਤੰਤਰ ਵਿਦੇਸ਼ ਨੀਤੀ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਵੀ ਰੂਸ ਤੇ ਅਮਰੀਕਾ ਦੇ ਰਿਸ਼ਤੇ ਬਹੁਤੇ ਸੁਹਿਰਦ ਨਹੀਂ ਸਨ। ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਗਿਆ ਸੀ। ਦੂਜੇ ਪਾਸੇ ਯੂਰਪ ਦੇ ਨਾਲ ਲੱਗਦੇ ਆਜ਼ਾਦ ਰਾਜ ਪੱਛਮੀ ਦੇਸ਼ਾਂ ਤੇ ਅਮਰੀਕਾ ਦੇ ਨੇੜੇ ਆ ਗਏ। ਰੂਸ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਏ ਰਾਜਾਂ ਨਾਲ ਯੂਰਪੀ ਦੇਸ਼ਾਂ ਤੇ ਅਮਰੀਕਾ ਦੀ ਨੇੜਤਾ ਪਸੰਦ ਨਹੀਂ ਸੀ।
3- ਯੂਕਰੇਨ ਆਜ਼ਾਦੀ ਤੋਂ ਬਾਅਦ ਯੂਰਪੀ ਸੰਘ ਦੇ ਨੇੜੇ ਆ ਗਿਆ। ਯੂਕਰੇਨ ਦੀ ਯੂਰਪੀ ਸੰਘ ਨਾਲ ਨੇੜਤਾ ਕਦੇ ਵੀ ਰੂਸ ਨੂੰ ਚੰਗੀ ਨਹੀਂ ਲੱਗੀ। ਇੰਨਾ ਹੀ ਨਹੀਂ 2014 ਤੋਂ ਯੂਕਰੇਨ ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਸੰਗਠਨ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਹੈ। ਨਾਟੋ ਤੇ ਯੂਕਰੇਨ ਦੀ ਨੇੜਤਾ ਨੇ ਰੂਸ ਦੀ ਚਿੰਤਾ ਵਧਾ ਦਿੱਤੀ ਹੈ। ਰੂਸ ਕਦੇ ਨਹੀਂ ਚਾਹੁੰਦਾ ਕਿ ਨਾਟੋ ਨੂੰ ਉਸ ਦੀਆਂ ਸਰਹੱਦਾਂ ਤਕ ਪਹੁੰਚੇ। ਰੂਸ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਯੂਕਰੇਨ ਕਾਰਨ ਅਮਰੀਕੀ ਫ਼ੌਜ ਤੇ ਨਾਟੋ ਮੈਂਬਰ ਦੇਸ਼ ਉਸ ਦੀ ਸਰਹੱਦ ’ਤੇ ਪਹੁੰਚ ਰਹੇ ਹਨ। ਰੂਸ ਇਸ ਨੂੰ ਵੱਡੇ ਖ਼ਤਰੇ ਵਜੋਂ ਦੇਖਦਾ ਹੈ।
4- ਖ਼ਾਸ ਗੱਲ ਇਹ ਹੈ ਕਿ ਯੂਕਰੇਨ ਤੇ ਰੂਸ ਦੀ ਸਰਹੱਦ ਇੱਕ ਦੂਜੇ ਨਾਲ ਮਿਲਦੀ ਹੈ। ਅਜਿਹੇ ’ਚ ਸਰਹੱਦ ’ਤੇ ਨਾਟੋ ਤੇ ਅਮਰੀਕਾ ਦੀ ਆਵਾਜਾਈ ਰੂਸ ਦੀ ਸੁਰੱਖਿਆ ਲਈ ਖ਼ਤਰਾ ਹੈ। ਉਸ ਨੇ ਕਿਹਾ ਹੈ ਕਿ ਜਦੋਂ ਵੀ ਉਸ ਦੀ ਸੁਰੱਖਿਆ ਨੂੰ ਖ਼ਤਰਾ ਹੋਵੇਗਾ ਤਾਂ ਰੂਸ ਯੂਕਰੇਨ ਨਾਲ ਜੰਗ ਤੋਂ ਪਿੱਛੇ ਨਹੀਂ ਹਟੇਗਾ। ਹਾਲਾਂਕਿ ਰੂਸ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਹ ਯੂਕਰੇਨ ’ਤੇ ਹਮਲਾ ਨਹੀਂ ਕਰੇਗਾ। ਦੂਜੇ ਪਾਸੇ ਅਮਰੀਕੀ ਖ਼ੁਫ਼ੀਆ ਰਿਪੋਰਟ ਦੇ ਆਧਾਰ ’ਤੇ ਕਿਹਾ ਜਾ ਰਿਹਾ ਹੈ ਕਿ ਰੂਸ ਦੀਆਂ ਸਰਹੱਦ ’ਤੇ ਕਰੀਬ ਇਕ ਲੱਖ ਜਵਾਨ ਤਾਇਨਾਤ ਹਨ।
5- ਨਾਟੋ ਤੇ ਅਮਰੀਕਾ ਰੂਸ ਨੂੰ ਲਗਾਤਾਰ ਚੇਤਾਵਨੀ ਦੇ ਰਹੇ ਹਨ। ਨਾਟੋ ਦਾ ਕਹਿਣਾ ਹੈ ਕਿ ਜੇਕਰ ਰੂਸ ਯੂਕਰੇਨ ’ਤੇ ਹਮਲਾ ਕਰਨ ਵਰਗਾ ਕਦਮ ਚੁੱਕਦਾ ਹੈ ਤਾਂ ਰੂਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਸ ਨੂੰ ਆਰਥਿਕ, ਵਿੱਤੀ ਤੇ ਸਿਆਸੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਕਰੇਨ ਅਜੇ ਨਾਟੋ ਦਾ ਮੈਂਬਰ ਨਹੀਂ ਹੈ ਇਸ ਲਈ ਨਾਟੋ ਕੋਲ ਇਸਦੀ ਸਹਾਇਤਾ ਸਬੰਧੀ ਸੀਮਤ ਵਿਕਲਪ ਹਨ।