ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੂਬੇ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਵਿਖੇ ਸਾਇੰਸ ਅਧਿਆਪਕ ਸਵਰਗੀ ਮਹਿੰਦਰ ਸਿੰਘ ਤੇ ਮਾਤਾ ਹਰਪਾਲ ਕੌਰ ਦੇ ਘਰ ਹੋਇਆ। ਭਗਵੰਤ ਨੇ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਜਦਕਿ ਸੱਤਵੀਂ ਤੇ ਅੱਠਵੀਂ ਦੀ ਵਿੱਦਿਆ ਨੇੜਲੇ ਪਿੰਡ ਦੇ ਸਰਕਾਰੀ ਸਕੂਲ ਤੋਲਾਵਾਲ ਤੋਂ ਕੀਤੀ। ਨੌਵੀਂ ਤੇ ਦਸਵੀਂ ਦੀ ਪੜ੍ਹਾਈ ਉਨ੍ਹਾਂ ਸੰਤ ਅਤਰ ਸਿੰਘ ਜੀ ਦੀ ਜਨਮ ਨਗਰੀ ਚੀਮਾ ਤੋਂ ਪ੍ਰਾਪਤ ਕੀਤੀ ਜਦਕਿ ਉਨ੍ਹਾਂ ਗ੍ਰੈਜੁਏਸ਼ਨ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਤੋਂ ਕੀਤੀ।
ਕਾਲਜ ਪੜ੍ਹਦਿਆਂ ਹੀ ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਤੇ ਉਹ ਛੋਟੇ ਵੱਡੇ ਪ੍ਰੋਗਰਾਮਾਂ ’ਚ ਬਤੌਰ ਕਾਮੇਡੀਅਨ ਲੋਕਾਂ ਦਾ ਮਨੋਰੰਜਨ ਕਰਦੇ ਰਹੇ।
ਸੰਨ 1992 ਵਿਚ ਉਨ੍ਹਾਂ ਦੀ ਪਹਿਲੀ ਕੈਸੇਟ ‘ਗੋਭੀ ਦੀਏ ਕੱਚੀਏ ਵਪਾਰਣੇ’ ਆਈ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਦੀ ‘ਕੁਲਫ਼ੀ ਗਰਮਾ ਗਰਮ’ ਕੈਸੇਟ ਆਈ ਜਿਸ ਨੇ ਚਾਰੇ ਪਾਸੇ ਧੁੰਮਾਂ ਪਾ ਦਿੱਤੀਆਂ।
ਇਸ ਪਿੱਛੋਂ ਇਕ ਤੋਂ ਬਾਅਦ ਇਕ ਤਕਰੀਬਨ ਉਹਨਾਂ ਦੀਆਂ ਦੋ ਦਰਜਨ ਕੈਸੇਟਾਂ ਆਈਆਂ ਜਿਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਭਗਵੰਤ ਮਾਨ ਨੇ ਬਤੌਰ ਕਾਮੇਡੀਅਨ ਆਪਣੇ ਸਾਥੀ ਜਗਤਾਰ ਜੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਦੇਵ ਖਰੌੜ ਤੋਂ ਇਲਾਵਾ ਦਰਜਨਾਂ ਕਲਾਕਾਰਾਂ ਨਾਲ ਕੰਮ ਕੀਤਾ। ਉਨ੍ਹਾਂ ਪੰਜਾਬੀ ਦੀਆਂ ਕਈ ਫਿਲਮਾਂ ਵਿਚ ਬਤੌਰ ਕਾਮੇਡੀਅਨ ਵਜੋਂ ਆਪਣੀ ਕਲਾ ਦੇ ਜੌਹਰ ਦਿਖਾਏ।
ਪਿੰਡ ਸਤੌਜ ਦੇ ਵਾਸੀ ਗੁਰਦੀਪ ਸਿੰਘ, ਗਿਆਨ ਸਿੰਘ ਮਾਨ, ਹਰਵਿੰਦਰ ਰਿਸ਼ੀ, ਭਗਵੰਤ ਦੇ ਜਿਗਰੀ ਦੋਸਤ ਸਤਿੰਦਰਜੀਤ ਸਿੰਘ ਬੰਟੂ ਬੀਰ ਖੁਰਦ ਆਦਿ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਗਵੰਤ ਮਾਨ ਦੀਆਂ ਜਿੰਨੀਆਂ ਵੀ ਕੈਸੇਟਾਂ ਆਈਆਂ ਹਨ, ਉਨ੍ਹਾਂ ਸਾਰੀਆਂ ਕਿਸ਼ਤਾਂ ਵਿਚ ਉਨ੍ਹਾਂ ਸਿਸਟਮ ਦੇ ਖ਼ਿਲਾਫ਼ ਵਿਅੰਗ ਕੱਸ ਕੇ ਸਮਾਜ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਗਵੰਤ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਨੂੰ ਬਚਾਉਣ ਦੀ ਜੋ ਅਪੀਲ ਕੀਤੀ ਸੀ ਲੋਕਾਂ ਨੇ ਉਸ ’ਤੇ ਪੱਕੀ ਮੋਹਰ ਲਾ ਦਿੱਤੀ ਹੈ।
ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਜੱਦੀ ਘਰ ਪਿੰਡ ਸਤੌਜ ਵਿਖੇ ਬਹੁਤ ਹੀ ਖ਼ੁਸ਼ਗਵਾਰ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਚਾਰੇ ਪਾਸੇ ਡੀਜੇ ਚਲਾ ਕੇ ਪਿੰਡ ਵਾਸੀਆਂ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਭੰਗੜੇ ਪਾਏ ਜਾ ਰਹੇ ਹਨ। ਪਿੰਡ ਦੇ ਲੋਕ ਕੱਲ੍ਹ ਤੋਂ ਹੀ ਲੰਗਰ ਦੀ ਤਿਆਰੀ ਵਿਚ ਜੁਟੇ ਹੋਏ ਸਨ।