ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਦੂਜੇ ਦਿਨ ਵੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਖਤ ਰਵੱਈਆ ਜਾਰੀ ਹੈ। ਸੋਮਵਾਰ ਨੂੰ ਉਹ ਚੋਣਾਂ ਦੇ ਪ੍ਰਚਾਰ ਲਈ ਅੰਮ੍ਰਿਤਸਰ ਪੂਰਬੀ ਦੇ ਪਿੰਡ ਮੁੱਦਲ ਪਹੁੰਚੇ। ਇੱਥੇ ਉਨ੍ਹਾਂ ਪਹਿਲਾਂ ਤਾਂ ਹਾਜ਼ਰ ਮੀਡੀਆ ਕਰਮੀਆਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਦੇ ਨਾਲ ਖੜ੍ਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਚੰਨੀ ਦੇ ਨਾਲ ਹਨ ਤਾਂ ਉਹ ਚੁੱਪ ਰਹੇ।
ਉਨ੍ਹਾਂ ਕਿਹਾ ਕਿ ਆਪਣਾ ਪੰਜਾਬ ਮਾਡਲ ਸਾਰਿਆਂ ਦਾ ਮਾਡਲ ਹੈ, ਇਸ ‘ਤੇ ਉਨ੍ਹਾਂ ਦਾ ਕੋਈ ਕਾਪੀਰਾਈਟ ਨਹੀਂ ਹੈ। ਸਿੱਧੂ ਨੇ ਕਿਹਾ ਕਿ ਮੈਂ ਵਰਕਰਾਂ ਨੂੰ ਮਿਲਣ ਆਇਆ ਹਾਂ ਅਤੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰਨ ਲੱਗਾ ਹਾਂ। ਹਾਲ ਹੀ ਵਿੱਚ ਇਸ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। ਇਸ ਮੌਕੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕਦੇ ਵੀ ਨਕਦੀ ਕਮਾਉਣ ਦੀ ਕੋਈ ਇੱਛਾ ਨਹੀਂ ਸੀ ਅਤੇ ਨਾ ਹੀ ਕੋਈ ਕਾਰੋਬਾਰ ਕਰਨਾ ਸੀ। ਸਭ ਵਿਚ ਵੱਸਣ ਵਾਲੇ ਪਰਮਾਤਮਾ ਦੀ ਸੇਵਾ ਕਰਨ ਦੀ ਤਾਂਘ ਸੀ, ਉਸ ਵਾਸਤੇ ਮੈਂ ਹਾਜ਼ਰ ਹਾਂ।
ਨਵਜੋਤ ਸਿੰਘ ਸਿੱਧੂ ਅਕਸਰ ਪੰਜਾਬ ਮਾਡਲ ਦੀ ਗੱਲ ਕਰਦੇ ਹਨ, ਪਰ ਮੁੱਦਲ ਦੀਆਂ ਗਲੀਆਂ ਵਿੱਚ ਉਨ੍ਹਾਂ ਦੀਆਂ ਪੋਲਾਂ ਉਜਾਗਰ ਹੁੰਦੀਆਂ ਨਜ਼ਰ ਆਈਆਂ। ਇਸ ਕੱਚੇ ਰਸਤੇ ਰਾਹੀਂ ਸਿੱਧੂ ਇੱਥੇ ਪੁੱਜੇ ਹਨ। ਲੋਕਾਂ ਦੀ ਸ਼ਿਕਾਇਤ ਹੈ ਕਿ ਸਿੱਧੂ 5 ਸਾਲ ਬਾਅਦ ਇੱਥੇ ਪਹੁੰਚੇ ਹਨ। ਇਸੇ ਲਈ ਮੀਡੀਆ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਗਿਆ ਤਾਂ ਜੋ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਸੰਤੁਸ਼ਟ ਕੀਤਾ ਜਾ ਸਕੇ।
ਇੱਕ ਦਿਨ ਪਹਿਲਾਂ ਰਾਹੁਲ ਨੇ ਚੰਨੀ ਨੂੰ ਐਲਾਨਿਆ ਸੀਐਮ ਚਿਹਰਾ
ਦੱਸ ਦੇਈਏ ਕਿ 6 ਜਨਵਰੀ ਦੀ ਲੁਧਿਆਣਾ ਰੈਲੀ ਵਿੱਚ ਐਤਵਾਰ ਸ਼ਾਮ ਨੂੰ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ। ਇਸ ਨਾਲ ਸਿੱਧੂ ਅਤੇ ਚੰਨੀ ਵਿਚਾਲੇ ਚੱਲ ਰਹੀ ਆਹਮੋ-ਸਾਹਮਣੀ ਲੜਾਈ ਖਤਮ ਹੋਣ ਦੀ ਉਮੀਦ ਹੈ। ਹਾਲਾਂਕਿ ਸਿੱਧੂ ਦਾ ਰਵੱਈਆ ਕੁਝ ਹੋਰ ਹੀ ਸੰਕੇਤ ਦੇ ਰਿਹਾ ਹੈ।