ਤਿੰਨ ਦਿਨਾਂ ਯੂਰਪ ਦੌਰੇ ‘ਤੇ ਗਏ ਪੀਐਮ ਮੋਦੀ ਮੰਗਲਵਾਰ ਦੁਪਹਿਰ ਨੂੰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਪਹੁੰਚੇ। ਪੀਐਮ ਜਰਮਨੀ ਦੇ ਦੌਰੇ ਤੋਂ ਬਾਅਦ ਇੱਥੇ ਪਹੁੰਚੇ ਹਨ। ਕੋਪਨਹੇਗਨ ਪਹੁੰਚਣ ‘ਤੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਮੋਦੀ ਦਾ ਨਿੱਘਾ ਸਵਾਗਤ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਮੋਦੀ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਕਰਨਗੇ ਅਤੇ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕਰਨਗੇ। ਇਸ ਤੋਂ ਬਾਅਦ ਉਹ ਬਿਜ਼ਨਸ ਰਾਊਂਡ ਟੇਬਲ ਕਾਨਫਰੰਸ ‘ਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਪੀਐਮ ਮੋਦੀ ਮਹਾਰਾਣੀ ਮਾਰਗਰੇਥ-2 ਨਾਲ ਵੀ ਮੁਲਾਕਾਤ ਕਰਨਗੇ।
ਜਰਮਨੀ ਨਾਲ ਕਈ ਸਮਝੌਤਿਆਂ ‘ਤੇ ਕੀਤੇ ਦਸਤਖਤ
ਦੱਸ ਦੇਈਏ ਕਿ ਪੀਐਮ ਮੋਦੀ ਸੋਮਵਾਰ ਨੂੰ ਜਰਮਨੀ ਪਹੁੰਚੇ ਸਨ। ਭਾਰਤ ਅਤੇ ਜਰਮਨੀ ਵਿਚਾਲੇ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ। ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਜਰਮਨੀ ਦੇ ਆਰਥਿਕ ਸਹਿਕਾਰਤਾ ਅਤੇ ਵਿਕਾਸ ਮੰਤਰੀ ਵੇਂਜਾ ਸ਼ੁਲਜ਼ ਵਿਚਕਾਰ ਇੱਕ ਵਰਚੁਅਲ ਮੀਟਿੰਗ ਵਿੱਚ ਖੇਤੀਬਾੜੀ ਸੈਕਟਰ ਬਾਰੇ ਇੱਕ ਮਹੱਤਵਪੂਰਨ ਸਮਝੌਤਾ ਹੋਇਆ। ਸਮਝੌਤਾ ਖੇਤੀਬਾੜੀ ਸੈਕਟਰ ਵਿੱਚ ਕੁਦਰਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ ‘ਤੇ ਕੇਂਦਰਿਤ ਹੈ। ਇਸ ਤਹਿਤ ਦੋਵੇਂ ਦੇਸ਼ ਇਸ ਖੇਤਰ ਵਿੱਚ ਸਾਂਝੀ ਖੋਜ ਨੂੰ ਉਤਸ਼ਾਹਿਤ ਕਰਨਗੇ ਅਤੇ ਜਾਣਕਾਰੀ ਸਾਂਝੀ ਕਰਨਗੇ।
ਇਸ ਤੋਂ ਇਲਾਵਾ ਜਰਮਨੀ ਨੇ ਕਿਹਾ ਕਿ ਉਹ ਭਾਰਤ ਨੂੰ ਜਲਵਾਯੂ ਪਰਿਵਰਤਨ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਲਈ 2030 ਤੱਕ 10 ਬਿਲੀਅਨ ਯੂਰੋ ਦੇਵੇਗਾ।
ਜਰਮਨੀ ‘ਚ ਭਾਰਤੀਆਂ ਨੂੰ ਕੀਤਾ ਸੰਬੋਧਨ
ਪੀਐਮ ਮੋਦੀ ਨੇ ਸੋਮਵਾਰ ਨੂੰ ਜਰਮਨੀ ਵਿੱਚ ਰਹਿ ਰਹੇ ਭਾਰਤੀਆਂ ਨੂੰ ਵੀ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਨਵੇਂ ਉੱਭਰ ਰਹੇ ਭਾਰਤ ਨੇ ਦ੍ਰਿੜ ਇਰਾਦੇ ਨਾਲ ਅੱਗੇ ਵਧਣ ਦਾ ਮਨ ਬਣਾ ਲਿਆ ਹੈ ਅਤੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਵੱਡੀਆਂ ਤਰੱਕੀਆਂ ਕਰਨ ਵਿਚ ਮਦਦ ਕਰਨ।
ਪੀਐੱਸ ਮੋਦੀ ਨੇ ਅੱਗੇ ਕਿਹਾ ਕਿ ਅੱਜ ਸਰਕਾਰ ਨਿਵੇਸ਼ਕਾਂ ਦਾ ਮਨੋਬਲ ਵਧਾ ਕੇ ਅੱਗੇ ਵਧ ਰਹੀ ਹੈ ਨਾ ਕਿ ਪੈਰਾਂ ਵਿਚ ਜੰਜੀਰਾਂ ਪਾ ਕੇ। ਅੱਜ ਭਾਰਤ ਵਿੱਚ ਸਭ ਤੋਂ ਉੱਨਤ ਵਪਾਰਕ ਮਾਹੌਲ ਮੌਜੂਦ ਹੈ। ਲੋਕ ਸ਼ਕਤੀ ਤੋਂ ਲੈ ਕੇ ਤਕਨੀਕੀ ਸ਼ਕਤੀ ਤੱਕ, ਅਸੀਂ ਜਲਵਾਯੂ ਤਬਦੀਲੀ ਦੀ ਚੁਣੌਤੀ ਨਾਲ ਨਜਿੱਠਣ ਲਈ ਹਰ ਹੱਲ ‘ਤੇ ਕੰਮ ਕਰ ਰਹੇ ਹਾਂ। ਪਿਛਲੇ ਅੱਠ ਸਾਲਾਂ ਵਿੱਚ, ਅਸੀਂ ਭਾਰਤ ਵਿੱਚ ਐਲਪੀਜੀ ਕਵਰੇਜ ਨੂੰ 50 ਪ੍ਰਤੀਸ਼ਤ ਤੋਂ ਵਧਾ ਕੇ ਲਗਭਗ 100 ਪ੍ਰਤੀਸ਼ਤ ਕਰ ਦਿੱਤਾ ਹੈ। ਇੰਨਾ ਹੀ ਨਹੀਂ ਭਾਰਤ ਦਾ ਹਰ ਘਰ ਹੁਣ LED ਬਲਬ ਦੀ ਵਰਤੋਂ ਕਰ ਰਿਹਾ ਹੈ।