ਪਾਕਿਸਤਾਨ ‘ਚ ਸਿੱਖ ਭਾਈਚਾਰੇ ‘ਤੇ ਅੱਤਿਆਚਾਰਾਂ ਦੇ ਵਧਦੇ ਮਾਮਲਿਆਂ ਨੇ ਸਿੱਖ ਫਾਰ ਜਸਟਿਸ (SFJ) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੇ ਝੂਠੇ ਦਾਅਵੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਜਿਸ ਨੇ ਪਹਿਲਾਂ ਕਿਹਾ ਸੀ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਾ ਖੁਸ਼ੀ ਨਾਲ ਰਹਿ ਰਿਹਾ ਹੈ। ਗਲੋਬਲ ਸਟ੍ਰੈਟ ਵਿਊ ਦੇ ਅਨੁਸਾਰ ਖੈਬਰ ਪਖਤੂਨਖਵਾ ਵਿੱਚ ਇੱਕ ਨੌਜਵਾਨ ਸਿੱਖ ਲੜਕੀ ਦੀਨਾ ਕੌਰ ਦੇ ਅਗਵਾ, ਜਬਰ ਜਨਾਹ ਤੇ ਜ਼ਬਰਦਸਤੀ ਧਰਮ ਪਰਿਵਰਤਨ ਤੇ ਵਿਆਹ ਨੇ ਦੇਸ਼ ਵਿੱਚ ਘੱਟ ਗਿਣਤੀ ਦੀ ਅਸਲ ਸਥਿਤੀ ਨੂੰ ਉਜਾਗਰ ਕਰ ਦਿੱਤਾ ਹੈ।
ਸਿੱਖ ਫਾਰ ਜਸਟਿਸ ਦੇ ਦਾਅਵੇ ਝੂਠੇ
ਗੁਰਪਤਵੰਤ ਸਿੰਘ ਪੰਨੂ ਨੇ ਇਸ ਤੋਂ ਪਹਿਲਾਂ ਗਲੋਬਲ ਸਟ੍ਰੈਟ ਵਿਊ ਦੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ, ‘ਇੱਥੇ 20,000 ਜਾਂ 25,000 ਸਿੱਖ ਹਨ, ਜੋ ਖੁਸ਼ੀ ਨਾਲ ਰਹਿ ਰਹੇ ਹਨ ਤੇ ਉਹ ਪਾਕਿਸਤਾਨ ਨੂੰ ਆਪਣਾ ਘਰ ਕਹਿੰਦੇ ਹਨ।’ ਇਸੇ ਦੌਰਾਨ 8 ਸਤੰਬਰ ਨੂੰ ਖੈਬਰ ਪਖਤੂਨਖਵਾ ਦੇ ਬੁਨੇਰ ਜ਼ਿਲੇ ‘ਚ ਇਕ ਪ੍ਰਦਰਸ਼ਨ ਦੌਰਾਨ ਸਿੱਖ ਭਾਈਚਾਰੇ ਤੇ ਪਾਕਿਸਤਾਨ ਦੀਆਂ ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੀ ਬੇਟੀ ਦੀ ਰਿਹਾਈ ਲਈ ਵਿਸ਼ਵ ਸਿੱਖ ਭਾਈਚਾਰੇ ਨੂੰ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਘੱਟ ਗਿਣਤੀਆਂ ‘ਤੇ ਅੱਤਿਆਚਾਰ
ਗਲੋਬਲ ਸਟ੍ਰੈਟ ਵਿਊ ਦੇ ਅਨੁਸਾਰ USCIRF ਦੀ 2022 ਦੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ, ‘ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ, ਜਹਰ ਜਨਾਹ ਤੇ ਜ਼ਬਰਦਸਤੀ ਵਿਆਹ ਘੱਟ ਗਿਣਤੀ ਔਰਤਾਂ ਤੇ ਬੱਚਿਆਂ ਲਈ ਖ਼ਤਰਾ ਬਣੇ ਹੋਏ ਹਨ। ਖਾਸ ਕਰਕੇ ਇਸਾਈ, ਹਿੰਦੂ ਤੇ ਸਿੱਖ ਧਰਮਾਂ ਦੇ ਲੋਕਾਂ ਲਈ। ਅਕਤੂਬਰ 2021 ਵਿੱਚ ਪਾਕਿਸਤਾਨ ਵਿੱਚ ਇੱਕ ਸੰਸਦੀ ਕਮੇਟੀ ਨੇ ਘੱਟ ਗਿਣਤੀਆਂ ਨੂੰ ਜਬਰੀ ਧਰਮ ਪਰਿਵਰਤਨ ਤੋਂ ਬਚਾਉਣ ਲਈ ਇੱਕ ਪ੍ਰਸਤਾਵਿਤ ਬਿੱਲ ਨੂੰ ਰੱਦ ਕਰ ਦਿੱਤਾ।
ਸਰਕਾਰ ਨਹੀਂ ਕਰ ਰਹੀ ਮਦਦ
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਦੇਸ਼ ਵਿੱਚ ਸਿਰਫ਼ ਮੁੱਠੀ ਭਰ ਗੁਰਦੁਆਰਿਆਂ ਨੂੰ ਸੰਭਾਲ ਕੇ ਸਿੱਖਾਂ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ। ਜਦੋਂ ਕਿ ਇਤਿਹਾਸਕ ਮਹੱਤਤਾ ਵਾਲੀਆਂ ਅਜਿਹੀਆਂ ਸੈਂਕੜੇ ਇਮਾਰਤਾਂ ਹਨ ਜੋ ਬਰਬਾਦ ਤੇ ਅਪਮਾਨਿਤ ਹੋ ਰਹੀਆਂ ਹਨ। ਪਾਕਿਸਤਾਨ ਵਿੱਚ ਸਥਾਨਕ ਪ੍ਰਸ਼ਾਸਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਅਤੇ ਨਾਜਾਇਜ਼ ਕਬਜ਼ੇ ਕਰ ਰਿਹਾ ਹੈ।
ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਖੁੱਲ੍ਹੇਆਮ ਅਣਗੌਲਿਆ ਕੀਤਾ ਜਾ ਰਿਹਾ ਹੈ। ਕਈ ਗੁਰਦੁਆਰਿਆਂ ਦੀ ਹਾਲਤ ਖਰਾਬ ਹੈ। ਸਿੱਖ ਭਾਈਚਾਰੇ ਨੇ ਦੋਸ਼ ਲਾਇਆ ਹੈ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਬੀ.ਪੀ.) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਨੂੰ ਸਿੱਖ ਧਾਰਮਿਕ ਭਾਵਨਾਵਾਂ ਦਾ ਕੋਈ ਸਤਿਕਾਰ ਨਹੀਂ ਹੈ।