ਈਡੀ ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਦੁਬਾਰਾ ਫਿਰ ਬੁਲਾਇਆ ਹੈ। ਸੋਮਵਾਰ ਨੂੰ ਰਾਹੁਲ ਤੋਂ ਕਰੀਬ 12 ਘੰਟੇ ਪੁੱਛਗਿੱਛ ਕੀਤੀ ਗਈ। ਉਹ ਦੇਰ ਰਾਤ ਕਰੀਬ 12 ਵਜੇ ਈਡੀ ਦਫ਼ਤਰ ਤੋਂ ਬਾਹਰ ਆਇਆ। ਪਿਛਲੇ 4 ਦਿਨਾਂ ‘ਚ ਈਡੀ ਨੇ ਰਾਹੁਲ ਤੋਂ ਕਰੀਬ 42 ਘੰਟੇ ਪੁੱਛਗਿੱਛ ਕੀਤੀ। ਇਸ ਮਾਮਲੇ ‘ਚ ਈਡੀ 23 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕਰੇਗੀ।
ਰਾਹੁਲ ਗਾਂਧੀ ਤੋਂ ਹੁਣ ਤੱਕ ਚਾਰ ਵਾਰ ਹੋ ਚੁੱਕੀ ਹੈ ਪੁੱਛਗਿੱਛ
ਚਾਰ ਦਿਨਾਂ ਦੇ ਵਕਫ਼ੇ ਤੋਂ ਬਾਅਦ ਈਡੀ ਨੇ ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਮੁੜ ਪੁੱਛਗਿੱਛ ਕੀਤੀ। ਈਡੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਂਚ ਸਹੀ ਦਿਸ਼ਾ ‘ਚ ਚੱਲ ਰਹੀ ਹੈ। ਐਸੋਸੀਏਟਿਡ ਜਰਨਲ ‘ਤੇ ਯੰਗ ਇੰਡੀਆ ਦਾ ਕਬਜ਼ਾ ਮਨੀ ਲਾਂਡਰਿੰਗ ਲਈ ਇਕ ਫਿੱਟ ਕੇਸ ਹੈ। ਇਸ ਸਬੰਧੀ ਕਾਨੂੰਨ ਤਹਿਤ ਅਗਲੇਰੀ ਕਾਰਵਾਈ ਜਾਰੀ ਰੱਖੀ ਜਾਵੇਗੀ। ਦੱਸ ਦੇਈਏ ਕਿ ਰਾਹੁਲ ਗਾਂਧੀ ਤੋਂ ਹੁਣ ਤਕ ਚਾਰ ਵਾਰ ਪੁੱਛਗਿੱਛ ਹੋ ਚੁੱਕੀ ਹੈ। ਉਸ ਨੂੰ ਏਜੰਸੀ ਵੱਲੋਂ ਪੰਜਵੀਂ ਵਾਰ 21 ਜੂਨ ਯਾਨੀ ਅੱਜ ਫਿਰ ਸਵਾਲ-ਜਵਾਬ ਲਈ ਦੁਬਾਰਾ ਬੁਲਾਇਆ ਗਿਆ ਹੈ। ਪਿਛਲੇ ਹਫਤੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਲਗਾਤਾਰ ਪੁੱਛਗਿੱਛ ਤੋਂ ਬਾਅਦ ਈਡੀ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੂੰ ਦੁਬਾਰਾ ਤਲਬ ਕੀਤਾ ਸੀ ਪਰ ਰਾਹੁਲ ਨੇ ਸੋਮਵਾਰ ਦਾ ਸਮਾਂ ਮੰਗਿਆ ਸੀ। ਐਤਵਾਰ ਨੂੰ ਆਪਣਾ 52ਵਾਂ ਜਨਮਦਿਨ ਮਨਾਉਣ ਤੋਂ ਬਾਅਦ ਕਾਂਗਰਸੀ ਆਗੂ ਸੋਮਵਾਰ ਸਵੇਰੇ 11.05 ਵਜੇ ਈਡੀ ਦਫ਼ਤਰ ਪਹੁੰਚੇ। ਉਸ ਤੋਂ ਕਰੀਬ 12 ਘੰਟੇ ਪੁੱਛਗਿੱਛ ਕੀਤੀ ਗਈ। ਉਹ ਅੱਧੀ ਰਾਤ 12.30 ਵਜੇ ਈਡੀ ਦਫ਼ਤਰ ਤੋਂ ਬਾਹਰ ਆਇਆ। ਉਸ ਤੋਂ ਹੁਣ ਤਕ ਕਰੀਬ 47 ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਰਾਹੁਲ ਗਾਂਧੀ ਤੋਂ ਪੁੱਛੇ ਸਵਾਲਾਂ ਬਾਰੇ ਨਹੀਂ ਮਿਲ ਰਹੀ ਜਾਣਕਾਰੀ
ਸਿਆਸੀ ਤੌਰ ‘ਤੇ ਸੰਵੇਦਨਸ਼ੀਲ ਮਾਮਲਾ ਹੋਣ ਕਾਰਨ ਈਡੀ ਦੇ ਅਧਿਕਾਰੀ ਰਾਹੁਲ ਗਾਂਧੀ ਨੂੰ ਪੁੱਛੇ ਗਏ ਸਵਾਲਾਂ ਅਤੇ ਉਨ੍ਹਾਂ ਦੇ ਜਵਾਬਾਂ ਦਾ ਖੁਲਾਸਾ ਨਹੀਂ ਕਰ ਰਹੇ ਹਨ ਪਰ ਉਹ ਇਸ ਨੂੰ ਮਨੀ ਲਾਂਡਰਿੰਗ ਲਈ ਫਿੱਟ ਕੇਸ ਦੱਸ ਰਹੇ ਹਨ। ਉਨ੍ਹਾਂ ਮੁਤਾਬਕ ਈਡੀ ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਕਰ ਰਹੀ ਹੈ। ਸੀਆਰਪੀਸੀ ਵਿਚ ਪੁਲਿਸ ਕੋਲ ਐਫਆਈਆਰ ਦਰਜ ਕਰਨ ਜਾਂ ਇਸ ਦੇ ਲਈ ਸਿੱਧੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਨ ਦੀ ਸਪੱਸ਼ਟ ਵਿਵਸਥਾ ਹੈ।