ਕੰਗਨਾ ਕਣੌਤ ਦੀ ਫਿਲਮ ‘ਐਮਰਜੈਂਸੀ’ ਦੇ ਰਿਲੀਜ਼ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਫਿਲਮ ਦੇ ਇਕ-ਇਕ ਕਰਕੇ ਸਾਰੇ ਕਿਰਦਾਰ ਸਾਹਮਣੇ ਆ ਰਹੇ ਹਨ। ਹਾਲ ਹੀ ਵਿਚ ਫਿਲਮ ਵਿਚ ਮਹਿਮਾ ਚੌਧਰੀ ਦਾ ਲੁੱਕ ਸਾਹਮਣੇ ਆਇਆ ਜੋ ਮਸ਼ਹੂਰ ਲੇਖਿਕਾ ਪੁਪੁਲ ਜੈਕਰ ਦੀ ਭੂਮਿਕਾ ਨਿਭਾ ਰਹੀ ਹੈ। ਐਮਰਜੈਂਸੀ ‘ਚ ਮਹਿਮਾ ਦਾ ਜੋ ਲੁੱਕ ਸਾਹਮਣੇ ਆਇਆ ਉਹ ਹੂਬਹੂ ਪੁਪੁਲ ਜੈਕਰ ਨਾਲ ਮਿਲਦਾ ਜੁਲਦਾ ਹੈ। ਕੈਂਸਰ ਜਿਹੀ ਬੀਮਾਰੀ ਤੋਂ ਰਿਕਵਰੀ ਤੋਂ ਬਾਅਦ ਇਸ ਫਿਲਮ ਨਾਲ ਮਹਿਮਾ ਪਹਿਲੀ ਵਾਰ ਪਰਦੇ ਉੱਤੇ ਨਜ਼ਰ ਆ ਰਹੀ ਹੈ।
ਪੋਸਟ ਸ਼ੇਅਰ ਕਰਦੇ ਹੋਏ ਮਣਿਕਰਨਿਕਾ ਫਿਲਮਜ਼ ਨੇ ਕੈਪਸ਼ਨ ਵਿਚ ਲਿਖਿਆ- ਪੇਸ਼ ਹੈ @mahimachaudhry1 ਜਿਸ ਨੇ ਇਹ ਸਭ ਦੇਖਿਆ, ਤੇ ਆਇਰਨ ਲੇਡੀ ਨੂੰ ਜਾਨਣ ਤੇ ਦੇਖਣ ਲਈ ਦੁਨੀਆ ਨੂੰ ਇਕ ਨਜ਼ਰੀਆ ਦਿੱਤਾ #ਪੁਪੁਲਜੈਕਰ ਮਿਤ੍ਰ, ਲੇਖਕ ਤੇ ਵਿਸ਼ਵਾਸਪਾਤਰ।
ਪੁਪੁਲ ਜੈਕਰ ਦੇ ਬਾਰੇ ਵਿਚ ਨਾ ਜਾਨਣ ਵਾਲਿਆਂ ਲਈ ਦੱਸ ਦਈਏ ਕਿ ਉਹ ਇੰਦਰਾ ਗਾਂਧੀ ਦੀ ਕਾਫੀ ਕਰੀਬੀ ਮੰਨੀ ਜਾਂਦੀ ਸੀ। ਉਨ੍ਹਾਂ ਨੇ ਆਪਣੀ ਕਿਤਾਬ ‘ਇੰਦਰਾ:ਏਨ ਐਂਟੀਮੇਟ ਬਾਇਓਗ੍ਰਾਫੀ’ ਵਿਚ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੂੰ ਲੈ ਕੇ ਕਾਫੀ ਖੁਲਾਸੇ ਕੀਤੇ ਸਨ। ਇਹ ਪੁਪੁਲ ਹੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਆਪਣੇ ਪਿਤਾ ਜਵਾਹਰਲਾਲ ਨਹਿਰੂ ਤੋਂ ਚੰਗੀ ਰਾਜਨੇਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ‘ਇੰਦਰਾ ਗਾਂਧੀ ਨੂੰ ਖਦਸ਼ਾ ਸੀ ਕਿ ਕਿਤੇ ਮੋਰਾਰਜੀ ਸਰਕਾਰ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰਵਾ ਦੇਵੇ ਤੇ ਇਹੀ 1975 ਵਿਚ ਐਮਰਜੈਂਸੀ ਲਾਉਣ ਦਾ ਪ੍ਰਮੁੱਖ ਕਾਰਨ ਬਣਿਆ।’
ਇਹ ਫਿਲਮ 1975 ਤੋਂ 1977 ਦੇ ਵਿਚਾਲੇ ਲਾਗੂ ਕੀਤੀ ਗਈ ਐਮਰਜੈਂਸੀ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੰਗਨਾ ਰਣੌਤ ਦੀ ਇਸ ਫਿਲਮ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ। ਮੱਧ ਪ੍ਰਦੇਸ਼ ਕਾਂਗਰਸ ਦੀ ਮੀਡੀਆ ਡਿਪਾਰਟਮੈਂਟ ਦੀ ਵਾਈਸ ਪ੍ਰੈਸੀਡੈਂਟ ਸੰਗੀਤਾ ਸ਼ਰਮਾ ਨੇ ਪਿਛਲੇ ਦਿਨੀਂ ਭਾਜਪਾ ਉੱਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਅਜਿਹੀਆਂ ਫਿਲਮਾਂ ਨੂੰ ਬੜਾਵਾ ਦੇ ਰਹੇ ਹਨ, ਜਿਨ੍ਹਾਂ ਨਾਲ ਕਾਂਗਰਸ ਦੇ ਦਿੱਗਜ ਨੇਤਾਵਾਂ ਦੀ ਅਕਸ ਖਰਾਬ ਹੋਵੇ।