ਕੁਵੈਤ ਵਿੱਚ ਬੁੱਧਵਾਰ ਯਾਨੀਕਿ ਅੱਜ 12 ਜੂਨ ਨੂੰ ਮਜ਼ਦੂਰਾਂ ਦੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ 41 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਮਰਨ ਵਾਲਿਆਂ ਵਿੱਚ 40 ਭਾਰਤੀ ਹੋ ਸਕਦੇ ਹਨ। ਇਸ ਦੇ ਨਾਲ ਹੀ 50 ਤੋਂ ਵੱਧ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ‘ਚ ਵੱਡੀ ਗਿਣਤੀ ਭਾਰਤੀ ਮਜ਼ਦੂਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਵੈਤ ਦੇ ਦੱਖਣੀ ਅਹਿਮਦੀ ਗਵਰਨਰੇਟ ਦੇ ਮੰਗਾਫ ਇਲਾਕੇ ‘ਚ ਸਥਿਤ ਛੇ ਮੰਜ਼ਿਲਾ ਇਮਾਰਤ ਦੀ ਰਸੋਈ ‘ਚ ਬੁੱਧਵਾਰ ਤੜਕੇ ਅੱਗ ਲੱਗ ਗਈ।
ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ
ਦੱਸਿਆ ਜਾ ਰਿਹਾ ਹੈ ਕਿ ਇਮਾਰਤ ‘ਚ ਕਰੀਬ 160 ਲੋਕ ਰਹਿੰਦੇ ਸਨ, ਜੋ ਕਿ ਉਸੇ ਕੰਪਨੀ ਦੇ ਕਰਮਚਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਉੱਥੇ ਰਹਿਣ ਵਾਲੇ ਕਈ ਕਰਮਚਾਰੀ ਭਾਰਤੀ ਸਨ। ਕੁਵੈਤ ਸਥਿਤ ਭਾਰਤੀ ਦੂਤਾਵਾਸ ਨੇ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ- “ਅੱਜ ਭਾਰਤੀ ਕਾਮਿਆਂ ਨਾਲ ਵਾਪਰੇ ਦੁਖਦਾਈ ਅੱਗ ਹਾਦਸੇ ਦੇ ਸੰਬੰਧ ਵਿੱਚ, ਦੂਤਾਵਾਸ ਨੇ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਸਾਰੇ ਸਬੰਧਤਾਂ ਨੂੰ ਅਪਡੇਟ ਜਾਣਕਾਰੀ ਲਈ ਇਸ ਹੈਲਪਲਾਈਨ ਨਾਲ ਜੁੜਨ ਦੀ ਬੇਨਤੀ ਕੀਤੀ ਜਾਂਦੀ ਹੈ। ਦੂਤਾਵਾਸ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।”