ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਕ ਵਾਰ ਫਿਰ ਆਪਣੇ ਪ੍ਰਸਿਧ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ 14’ ਦੇ ਨਵੇਂ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਇਹ ਸੀਜਜ਼ਨ 7 ਅਗਸਤ ਤੋਂ ਸੋਨੀ ਟੀਵੀ ’ਤੇ ਸ਼ੁਰੂ ਹੋਵੇਗਾ। ਪਹਿਲੇ ਐਪੀਸੋਡ ਵਿਚ 75ਵੀਂ ਆਜ਼ਾਦੀ ਦਾ ਜਸ਼ਨ ਮਨਾਇਆ ਜਾਵੇਗਾ। ਇਸ ਮੈਗਾ ਐਪੀਸੋਡ ਦਾ ਹਿੱਸਾ ਬਣਨ ਲਈ ਭਾਰਤ ਦੀ ਨੁਮਾਇੰਦਗੀ ਕਰਨ ਵਾਲੀਆਂ ਵੱਖ-ਵੱਖ ਮਸ਼ਹੂਰ ਹਸਤੀਆਂ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ’ਤੇ ਬੈਠਣਗੀਆਂ। ਅਮਿਤਾਭ ਬੱਚਨ ਦੇ ‘ਕੌਣ ਬਣੇਗਾ ਕਰੋੜਪਤੀ’ ਦੇ ਇਸ ਪਹਿਲੇ ਐਪੀਸੋਡ ’ਚ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ।
ਆਮਿਰ ਖ਼ਾਨ ਨਾਲ ਅਮਿਤਾਭ ਬੱਚਨ ਨੇ ਕੇਬੀਸੀ ਦੇ ਮੰਚ ’ਤੇ ਕੀਤੀਆਂ ਬਹੁਤ ਸਾਰੀਆਂ ਗੱਲਾਂ
ਸੋਨੀ ਟੀਵੀ ਦੇ ‘ਕੌਣ ਬਣੇਗਾ ਕਰੋੜਪਤੀ‘’ ਦੇ ਪਹਿਲੇ ਐਪੀਸੋਡ ਦੀ ਇਸ ਵੀਡੀਓ ਨੂੰ ਨਿਰਮਾਤਾਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਇਸ ਐਪੀਸੋਡ ਵਿਚ ਅਮਿਤਾਭ ਬੱਚਨ ਤੋਂ ਇਲਾਵਾ ਐੱਮਸੀ ਮੈਰੀਕਾਮ, ਭਾਰਤੀ ਫੁੱਟਬਾਲਰ ਸੁਨੀਲ ਛੇਤਰੀ ਅਤੇ ਮੇਜਰ ਡੀਪੀ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਵੀਡੀਓ ’ਚ ਆਮਿਰ ਖ਼ਾਨ ਸਾਰਿਆਂ ਨੂੰ ਦੱਸ ਰਹੇ ਹਨ ਕਿ ਉਹ ਟਵਿੱਟਰ ’ਤੇ ਸਨ ਪਰ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਸੀ ਕਿ ਉਹ ਕੀ ਟਵੀਟ ਕਰੇ, ਜਿਸ ਕਾਰਨ ਉਹ ਸਿਰਫ ਅਤੇ ਸਿਰਫ ਆਪਣੇ ਦੋਸਤਾਂ ਦੀਆਂ ਫਿਲਮਾਂ ਬਾਰੇ ਹੀ ਟਵੀਟ ਕਰਦੇ ਸਨ।
ਆਮਿਰ ਖ਼ਾਨ ਦੀ ਗੱਲ ਸੁਣ ਕੇ ਅਮਿਤਾਭ ਬੱਚਨ ਨੇ ਮਾਰਿਆ ਤਾਅਨਾ
ਆਮਿਰ ਖ਼ਾਨ ਦੀ ਗੱਲ ਸੁਣ ਕੇ ਅਮਿਤਾਭ ਬੱਚਨ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ। ਆਮਿਰ ਖ਼ਾਨ ਦੀ ਇਹ ਗੱਲ ਸੁਣ ਕੇ ਬਿੱਗ ਬੀ ਨੇ ਕਿਹਾ, ‘ਤੁਸੀਂ ਕਦੇ ਸਾਡੇ ਸ਼ੋਅ ਕੇਬੀਸੀ ਨੂੰ ਟਵਿੱਟਰ ’ਤੇ ਪ੍ਰਮੋਟ ਨਹੀਂ ਕੀਤਾ, ਜਿਸ ’ਤੇ ਆਮਿਰ ਪਹਿਲਾਂ ਤਾਂ ਥੋੜ੍ਹਾ ਝਿਜਕਿਆ,ਪਰ ਤੁਰੰਤ ਹੀ ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਜਵਾਬ ਦਿੰਦਿਆਂ ਕਿਹਾ, ‘ਕੌਣ ਬਣੇਗਾ ਕਰੋੜਪਤੀ’ ਨੂੰ ਟਵੀਟਸ ਅਤੇ ਪ੍ਰਮੋਸ਼ਨ ਦੀ ਜ਼ਰੂਰਤ ਨਹੀਂ ਹੈ।’ ਆਮਿਰ ਖ਼ਾਨ ਅਤੇ ਅਮਿਤਾਭ ਬੱਚਨ ਦੀ ਇਸ ਬਾਂਡਿੰਗ ’ਤੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ।
13 ਸਫਲ ਸੀਜ਼ਨਾਂ ਤੋਂ ਬਾਅਦ ਜਲਦੀ ਵਾਪਸੀ ਕਰਨਗੇ ਬਿੱਗ ਬੀ
ਅਮਿਤਾਭ ਬੱਚਨ ਹੁਣ ਤਕ ‘ਕੌਣ ਬਣੇਗਾ ਕਰੋੜਪਤੀ’ ਦੇ 13 ਸਫਲ ਸੀਜ਼ਨ ਦੇ ਚੁੱਕੇ ਹਨ। ਹੁਣ ਉਹ 7 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮਹਾਨ ਐਪੀਸੋਡ ਨਾਲ ਇਕ ਵਾਰ ਫਿਰ ਵਾਪਸ ਆ ਰਹੇ ਹਨ। ਇਸ ਵਾਰ ਨਾ ਸਿਰਫ਼ ਸ਼ੋਅ ਦੇ ਫਾਰਮੈਟ ’ਚ ਬਦਲਾਅ ਹੋਵੇਗਾ ਸਗੋਂ ਘਰ ਬੈਠੇ ਦਰਸ਼ਕਾਂ ਨੂੰ ਅਗਲੇ ਹਫਤੇ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ’ਤੇ ਬੈਠ ਕੇ ਇਕੱਠੇ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਵੀ ਮਿਲੇਗਾ। ਆਮਿਰ ਖ਼ਾਨ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਚਾਰ ਸਾਲ ਬਾਅਦ ਇਕ ਵਾਰ ਫਿਲਮ ‘ਲਾਲ ਸਿੰਘ ਚੱਢਾ’ ਨਾਲ ਵਾਪਸੀ ਕਰ ਰਹੇ ਹਨ।