ਹਰਿਆਣਾ ਦੇ ਪੈਦਲ ਚਾਲ ਖਿਡਾਰੀ ਸੰਦੀਪ ਕੁਮਾਰ ਤੇ ਰਵੀਨਾ ਨੇ ਸ਼ਾਨਦਾਰ ਲੈਅ ਨੂੰ ਜਾਰੀ ਰੱਖਦੇ ਹੋਏ ਸ਼ਨਿਚਰਵਾਰ ਨੂੰ ਇੱਥੇ ਨੌਵੀਂ ਇੰਡੀਅਨ ਓਪਨ ਪੈਦਲ ਚਾਲ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕ੍ਰਮਵਾਰ ਮਰਦ ਤੇ ਮਹਿਲਾ 20 ਕਿਲੋਮੀਟਰ ਮੁਕਾਬਲੇ ਦੇ ਖ਼ਿਤਾਬ ਆਪਣੇ ਨਾਂ ਕੀਤੇ। ਸੰਦੀਪ (ਇਕ ਘੰਟਾ 22 ਮਿੰਟ ਪੰਜ ਸਕਿੰਟ) ਨੇ ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮਹਾਰਾਸ਼ਟਰ ਦੇ ਪਰਮਜੀਤ ਸਿੰਘ ਬਿਸ਼ਟ ਨੂੰ ਹਰਾਇਆ। ਮਸਕਟ ਵਿਚ 14ਵੇਂ ਸਥਾਨ ‘ਤੇ ਰਹਿਣ ਵਾਲੀ ਰਵੀਨਾ ਨੇ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੀ ਤੁਲਨਾ ਵਿਚ ਘੱਟ ਸਮਾਂ ਲਿਆ। ਉਹ ਇਕ ਘੰਟਾ 31 ਮਿੰਟ 52 ਸਕਿੰਟ ਦੇ ਨਿੱਜੀ ਸਰਬੋਤਮ ਸਮੇਂ ਨਾਲ ਭਾਵਨਾ ਜਾਟ ਤੋਂ 39 ਸਕਿੰਟ ਅੱਗੇ ਰਹੀ। ਕਾਂਸੇ ਦਾ ਮੈਡਲ ਜਿੱਤਣ ਵਾਲੀ ਸੋਨਲ ਸੁਖਵਾਲ ਨੇ ਵੀ ਨਿੱਜੀ ਸਰਬੋਤਮ ਪ੍ਰਦਰਸ਼ਨ ਕੀਤਾ।
ਅਨਿਰਬਾਨ ਲਾਹਿੜੀ ਦੂਜੇ ਗੇੜ ‘ਚ 24 ਸਥਾਨ ਖਿਸਕੇ
ਹਿਲਟਨ ਹੇਡ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਆਰਬੀਸੀ ਹੈਰੀਟੇਜ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿਚ ਦੋ ਓਵਰ 73 ਦਾ ਕਾਰਡ ਖੇਡਿਆ ਪਰ ਫਿਰ ਵੀ ਕੱਟ ‘ਚ ਥਾਂ ਬਣਾਉਣ ਵਿਚ ਸਫਲ ਰਹੇ। ਲਾਹਿੜੀ ਇਸ ਸਮੇਂ ਸਾਂਝੇ ਤੌਰ ‘ਤੇ 56ਵੇਂ ਸਥਾਨ ‘ਤੇ ਚੱਲ ਰਹੇ ਹਨ। ਪਹਿਲੇ ਦਿਨ ਉਹ ਸਾਂਝੇ ਤੌਰ ‘ਤੇ 32ਵੇਂ ਸਥਾਨ’ਤੇ ਸਨ ਜਿਸ ਨਾਲ ਉਹ 24 ਸਥਾਨ ਹੇਠਾਂ ਖਿਸਕ ਗਏ ਹਨ।