News Punjab

Gurpurab : ਨੇਪਾਲ ‘ਚ ਬਾਬੇ ਨਾਨਕ ਦੀ ਜ਼ਮੀਨ ਛੇਤੀ ਹੀ ਸੰਗਤ ਨੂੰ ਮਿਲਣ ਦੀ ਆਸ; ਤੀਜੀ ਉਦਾਸੀ ਤੋਂ ਪਰਤਣ ਵੇਲੇ ਤਿੱਬਤ ਦੇ ਰਾਜੇ ਨੇ ਕੀਤੀ ਸੀ ਨਾਂ

ਗੁਰੂ ਨਾਨਕ ਦੇਵ ਜੀ (Guru Nanak Dev Ji) ਤੀਜੀ ਉਦਾਸੀ ਦੌਰਾਨ ਜਦੋਂ ਤਿੱਬਤ ਤੋਂ ਵਾਪਸ ਪਰਤ ਰਹੇ ਸਨ ਤਾਂ ਨੇਪਾਲ ਠਹਿਰਾਓ ਦੌਰਾਨ ਉਦੋਂ ਦੇ ਰਾਜਾ ਜੈ ਪ੍ਰਕਾਸ਼ ਮੱਲਾ ਨੇ ਉਨ੍ਹਾਂ ਦੇ ਨਾਂ ਦੋ ਸੌ ਏਕੜ ਜ਼ਮੀਨ ਪੁੰਨ ਦਾਨ ਵਜੋਂ ਕਰਵਾਈ ਸੀ। ਦਰਿਆ ਬਿਸ਼ਨੂੰਮਤੀ ਦੇ ਕੰਢੇ ਪੈਂਦੀ ਇਸ ਜ਼ਮੀਨ ’ਚ ਪੁਰਾਤਨ ਗੁਰਦੁਆਰਾ ਨਾਨਕ ਮੱਠ (Gurdwara Nanak Math) ਵੀ ਮੌਜੂਦ ਹੈ ਜਿਸ ਦੀ ਸੰਭਾਲ ਮਹੰਤ ਸੰਪਰਦਾ ਦੇ ਹਵਾਲੇ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਹਨ, ਜਿਸ ’ਚੋਂ ਇਕ ਬੀੜ ਹੱਥ ਲਿਖਤ ਵੀ ਹੈ।

ਪੰਜਾਬੀ ਦਾ ਗਿਆਨ ਨਾ ਹੋਣ ਕਾਰਨ ਪਵਿੱਤਰ ਸਰੂਪ ਪ੍ਰਕਾਸ਼ ਤੋਂ ਵਿਹੂਣੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਭੁੱਲੀ ਵਿਸਰੀ ਇਸ ਵਿਰਾਸਤੀ ਥਾਂ ’ਚ ਸਥਿਤ ਇਕ ਪੁਰਾਤਨ ਖੂਹ ਦੇ ਅੰਦਰ ਗੁਰਮੁਖੀ ਲਿਪੀ ’ਚ ਗੁਰਬਾਣੀ ਦੇ ਸ਼ਬਦ ਵੀ ਉਕਰੇ ਹੋਏ ਹਨ, ਜਿਸ ਤੋਂ ਜ਼ਾਹਰ ਹੈ ਕਿ ਕਦੇ ਪੰਜਾਬੀ ਨੇਪਾਲ ’ਚ ਵੀ ਪ੍ਰਚਲਿਤ ਸੀ ਤੇ ਇਸ ਦਾ ਪਿਛੋਕੜ ਬੜਾ ਅਮੀਰ ਹੈ। ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਉਥੋਂ ਦੇ ਇਕ ਰਾਜੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਂ ਉਕਤ ਜ਼ਮੀਨ ਕਰਵਾਈ ਗਈ ਸੀ। ਇਸ ਜ਼ਮੀਨ ਦੇ ਵਿਵਾਦ ’ਤੇ ਨੇਪਾਲ ਦੀ ਸੁਪਰੀਮ ਕੋਰਟ ਵੱਲੋਂ ਸਟੇਅ ਦੇ ਹੁਕਮ ਕੀਤੇ ਹੋਏ ਹਨ। ਇਹ ਜ਼ਮੀਨ ਦੋ ਸੌ ਏਕੜ ਸੀ ਪ੍ਰੰਤੂ ਹੁਣ ਇਹ ਪੰਜ ਏਕੜ ਹੀ ਬਚੀ ਹੈ।

ਇਸ ਤੋਂ ਇਲਾਵਾ ਨੇਪਾਲ ਦੀ ਧਾਰਮਿਕ ਅਸਥਾਨਾਂ ਦੀ ਪੈਰਵੀ ਹਿੱਤ ਗਠਿਤ ਸੰਸਥਾ ‘ਕਾਠਮੰਡੂ ਗੁੱਠੀ ’ ਨੇ ਸਾਲ 2009 ਤੋਂ ਇਸ ਗੁਰਦੁਆਰੇ ਦੀ ਬਚੀ ਪੰਜ ਏਕੜ ਜ਼ਮੀਨ ਨੂੰ 36 ਸਾਲ ਲਈ ਵਪਾਰਕ ਪੱਖ ਲਈ ਲੀਜ਼ ’ਤੇ ਨਿਲਾਮ ਕਰਨ ਦਾ ਫ਼ੈਸਲਾ ਕਰ ਲਿਆ ਸੀ।

ਸੁਪਰੀਮ ਕੋਰਟ ਦੇ ਕੇਸ ਦੀ ਤਿਆਰੀ ਲਈ ਜ਼ਮੀਨ ਦੇ ਦਸਤਾਵੇਜ਼ਾਂ ਦੀ ਛਾਣਬੀਣ ਕਰਨ ਲੱਗੇ ਤਾਂ ਇਸ ਗੱਲ ਦਾ ਭੇਤ ਖੁੱਲਿਆ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਤਾਂ ਪੰਜ ਏਕੜ ਦੀ ਬਜਾਏ ਕਰੀਬ ਦੋ ਸੌ ਏਕੜ ਜ਼ਮੀਨ ਬੋਲ ਰਹੀ ਹੈ। ਇਸ ਵੇਲੇ ਦੋ ਸੌ ਏਕੜ ’ਚੋਂ 195 ਏਕੜ ਜ਼ਮੀਨ ’ਚ ਰਿਹਾਇਸ਼ੀ ’ਤੇ ਵਪਾਰਕ ਅਦਾਰੇ ਸਥਾਪਤ ਹੋਣ ਨਾਲ ਇਹ ਜ਼ਮੀਨ ਰਾਜਧਾਨੀ ਦਾ ਹਿੱਸਾ ਬਣ ਚੁੱਕੀ ਹੈ। ਰਾਜੇ ਵੱਲੋਂ ਇਹ ਜ਼ਮੀਨ ਸਤਿਸੰਗ ਤੇ ਹਰਿਆਵਲ ਦੇ ਮਕਸਦ ਵਜੋਂ ਦਾਨ ਕੀਤੀ ਦੱਸੀ ਜਾਂਦੀ ਹੈ। ਪੰਜ ਸੌ ਸਾਲ ਪਹਿਲਾਂ ਪਹਿਲੀ ਪਾਤਸ਼ਾਹੀ ਨੂੰ ਦਾਨ ਹੋਈ ਇਸ ਜ਼ਮੀਨ ਦੇ ਭਾਲੇ ਗਏ ਦਸਤਾਵੇਜ਼ਾਂ ’ਤੇ ਰਾਜੇ ਦੇ ਪੁੱਤਰ ਦੇ ਬਕਾਇਦਾ ਗਵਾਹੀ ਵਜੋਂ ਦਸਤਖ਼ਤ ਵੀ ਦਰਜ ਹਨ।

ਸਾਲ 2013 ਵਿਚ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾ. ਐੱਸਪੀਐੱਸ ਓਬਰਾਏ ਨੂੰ ਨੇਪਾਲ ’ਚ ਸਥਿਤ ਭਾਰਤੀ ਰਾਜਦੂਤ ਵੱਲੋਂ ਨੇਪਾਲ ਦਾ ‘ਰਜਿਸਟਰਡ ਕਾਰਡ’ ਜਾਰੀ ਕੀਤਾ ਗਿਆ। ਨੇਪਾਲ ਦੇ ਤਤਕਾਲੀਨ ਪ੍ਰਧਾਨ ਮੰਤਰੀ ਭੱਟਾ ਰਾਏ ਨਾਲ ਰਾਬਤਾ ਕਰਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ ’ਚੋਂ ਇਕ ਇੰਚ ਵੀ ਬਾਹਰ ਨਾ ਜਾਣ ਦਾ ਭਰੋਸਾ ਦਿੱਤਾ ਸੀ ਅਤੇ ਗੁੱਠੀ ਸੰਸਥਾ ਨੂੰ ਜ਼ਮੀਨ ਅਤੇ ਸਥਾਪਤ ਗੁਰਦੁਆਰੇ ਦੇ ਇਤਿਹਾਸ ਤੇ ਧਾਰਮਿਕ ਪੱਖ ਤੋਂ ਰਿਪੋਰਟ ਵੀ ਮੰਗ ਲਈ ਸੀ। ਇਸ ’ਤੇ ਗੁੱਠੀ ਵੱਲੋਂ ਇਸ ਸਰਵੇ ਲਈ ਇਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ’ਚ ਤਤਕਾਲੀਨ ਪ੍ਰਧਾਨ ਮੰਤਰੀ ਭੱਟਾ ਰਾਏ ਦੀ ਪਤਨੀ ਤੇ ਨਾਨਕ ਮੱਠ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਹੀਸਿਲਾ ਯਾਮਨੀ ਵੀ ਸ਼ਾਮਲ ਸਨ। ਸੂਤਰਾਂ ਅਨੁਸਾਰ ਸਰਵੇ ਕਮੇਟੀ ਇਸ ਗੱਲੋਂ ਇੱਕਮੱਤ ਹੈ ਕਿ ਗੁਰਦੁਆਰੇ ਦੀ ਪੰਜ ਏਕੜ ਜ਼ਮੀਨ ਵਾਕਈ ਬਾਬੇ ਨਾਨਕ ਦੇ ਨਾਂ ਹੈ ਤੇ ਇਹ ਲੀਜ਼ ’ਤੇ ਨਹੀ ਦਿੱਤੀ ਜਾ ਸਕਦੀ, ਇਹ ਸੰਪਤੀ ਨਾਨਕ ਮੱਠ ਗੁਰਦੁਆਰੇ ਦੀ ਹੀ ਰਹੇਗੀ।

ਬਾਬੇ ਨਾਨਕ ਦੀ ਫੇਰੀ ਦੌਰਾਨ ਲੰਗਰ ਪ੍ਰਥਾ ਲਈ ਖ਼ੁਦਵਾਈ ਗਈ ਸੀ ਖੂਹੀ

ਨੇਪਾਲ ਵਿਚ ਬਾਬੇ ਨਾਨਕ ਦੇ ਨਾਂ ਵਾਲੀ ਜ਼ਮੀਨ ਦੇ ਇਕ ਵੱਖਰੇ ਟੁੱਕੜੇ ’ਚ ਪੁਰਾਤਨ ਖੂਹੀ ਵੀ ਜੋ ਲੱਭੀ ਸੀ, ਉਸ ਦੇ ਦੇ ਅੰਦਰ ਗੁਰਮੁਖੀ ਲਿਪੀ ’ਚ ਬਾਬੇ ਨਾਨਕ ਦੀ ਬਾਣੀ ਉਕਰੀ ਹੋਈ ਹੈ। ਐੱਸਪੀ ਸਿੰਘ ਓਬਰਾਏ ਦੱਸਦੇ ਹਨ ਕਿ ਮਹੰਤਾਂ ਤੇ ਹੋਰ ਮਾਹਿਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਹ ਖੂਹੀ ਵੀ ਬਾਬੇ ਨਾਨਕ ਦੀ ਨੇਪਾਲ ਫੇਰੀ ਮੌਕੇ ਲੰਗਰ ਪ੍ਰਥਾ ਲਈ ਖ਼ੁਦਵਾਈ ਗਈ ਸੀ। ਉਂਜ ਖੂਹੀ ’ਚ ਬਾਣੀ ਵਾਲੇ ਉਕਰੇ ਪੱਥਰ ਨੂੰ ਬਾਹਰ ਫਿੱਟ ਕਰ ਦਿੱਤਾ ਗਿਆ ਹੈ ਤਾਂ ਕਿ ਸੰਗਤਾਂ ਅਸਾਨੀ ਨਾਲ ਦਰਸ਼ਨ ਕਰ ਸਕਣ। ਇਸ ਤੋਂ ਇਲਾਵਾ ਇਥੇ ਲੰਗਰ ਦੇ ਪੁਰਾਤਨ ਭਾਂਡਿਆਂ ਦਾ ਭੰਡਾਰ ਵੀ ਮਿਲਿਆ ਹੈ ਜਿਨ੍ਹਾਂ ’ਤੇ ਪੰਜਾਬੀ ਉਕਰੀ ਹੋਈ ਹੈ। ਕੁਝ ਪੁਰਾਤਨ ਟੱਲ ਤੇ ਟੱਲੀਆਂ ’ਤੇ ਗੁਰਮੁਖੀ ’ਚ ਬਾਣੀ ਅੰਕਿਤ ਮਿਲੀ ਹੈ।

ਅਗਲੇ ਮਹੀਨੇ ਨੇਪਾਲ ਜਾਣਗੇ ਡਾ. ਓਬਰਾਏ

ਸਰਬਤ ਦਾ ਭਲਾ ਚੈਰੀਟੇਬਲ ਟਰਸਟ ਮੁਖੀ ਡਾ. ਐੱਸਪੀਐੱਸ ਓਬਰਾਏ ਦੱਸਦੇ ਹਨ ਕਿ ਟਰੱਸਟ ਵਲੋਂ ਨੇਪਾਲ ਵਿਚ ਗੁਰੂ ਨਾਨਕ ਦੇਵ ਜੀ ਮੱਠ ਲਈ ਪੂਰੇ ਉਤਸ਼ਾਹ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਸਰਕਾਰਾਂ ਬਦਲਣ ਦੇ ਨਾਲ ਆਪਸੀ ਰਾਬਤਾ ਟੁੱਟ ਗਿਆ ਤੇ ਸਰਕਾਰੀ ਪੱਖ ਤੋਂ ਵੀ ਇਸ ਕੰਮ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਡਾ.ਓਬਰਾਏ ਦੱਸਦੇ ਹਨ ਕਿ ਉਨਾਂ ਵਲੋਂ ਅਗਲੇ ਮਹੀਨੇ ਨੇਪਾਲ ਜਾਣਗੇ ਤੇ ਰੁਕੀ ਕਾਰਵਾਈ ਨੂੰ ਮੁੜ ਸ਼ੁਰੂ ਕਰਵਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨੇਪਾਲ ਦੀ ਸਿੱਖ ਸੰਗਤ ਵੱਲੋਂ ਸਰਕਾਰ ਦੇ ਅਜਿਹੇ ਫ਼ੈਸਲੇ ਦੀ ਬੜੀ ਤੀਬਰਤਾ ਨਾਲ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਬੇ ਨਾਨਕ ਦੇ ਨਾਂ ਵਾਲੀ ਜ਼ਮੀਨ ਲੀਜ਼ ਵਰਗੇ ਅਦਾਲਤੀ ਹੁਕਮਾਂ ਤੋਂ ਪੱਕੇ ਤੌਰ ’ਤੇ ਮੁਕਤ ਹੋਵੇ।

Related posts

ਕੈਪਟਨ ਸਰਕਾਰ ਵੱਲੋਂ ਆਕਸੀਜਨ ਪਲਾਟ ਮਾਲਕਾਂ ਨੂੰ ਸਖਤ ਹਦਾਇਤਾਂ

Gagan Oberoi

Thailand detains 4 Chinese for removing docs from collapsed building site

Gagan Oberoi

Israel Hamas War : ਅਮਰੀਕਾ ਤੇ ਬ੍ਰਿਟੇਨ ਨੂੰ ਹਾਉਥੀ ਨੇ ਦਿੱਤੀ ਚਿਤਾਵਨੀ, ਕਿਹਾ- ਚੁਕਾਉਣੀ ਪਵੇਗੀ ਭਾਰੀ ਕੀਮਤ

Gagan Oberoi

Leave a Comment