ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ, ਵਿਸ਼ਵ ਚੈਂਪੀਅਨਸ਼ਿਪ ਦੇ ਮੈਡ ਜੇਤੂ ਕਿਦਾਂਬੀ ਸ਼੍ਰੀਕਾਂਤ ਤੇ ਲਕਸ਼ੇ ਸੇਨ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਜਰਮਨੀ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਸਿੰਧੂ ਨੇ ਸਈਅਦ ਮੋਦੀ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ, ਜਦਕਿ ਲਕਸ਼ੇ ਨੇ ਜਨਵਰੀ ਵਿਚ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਪਹਿਲੀ ਵਾਰ ਆਪਣੇ ਨਾਂ ਕੀਤਾ। ਸ਼੍ਰੀਕਾਂਤ ਹਾਲਾਂਕਿ ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਤੋਂ ਬਾਅਦ ਕੋਰੋਨਾ ਕਾਰਨ ਇੰਡੀਆ ਓਪਨ ’ਚੋਂ ਬਾਹਰ ਹੋ ਗਏ ਸਨ। ਵਿਸ਼ਵ ਚੈਂਪੀਅਨਸ਼ਿਪ 2019 ਵਿਚ ਗੋਲਡ ਮੈਡਲ ਤੋਂ ਬਾਅਦ ਸਿੰਧੂ ਨੂੰ 2022 ਲਖਨਊ ਵਿਚ ਸਈਅਦ ਮੋਦੀ ਟੂਰਨਾਮੈਂਟ ਤਕ ਖ਼ਿਤਾਬ ਦੀ ਉਡੀਕ ਕਰਨੀ ਪਈ। ਇਸ ਖ਼ਿਤਾਬ ਨਾਲ ਕੁਝ ਦਬਾਅ ਘੱਟ ਹੋਇਆ ਹੋਵੇਗਾ ਪਰ ਸਿੰਧੂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਯੂਰਪੀ ਗੇੜ ਵਿਚ ਆਪਣਾ ਸਿਖਰਲਾ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਇਹ ਸਾਲ ਕਾਫੀ ਰੁੱਝਿਆ ਹੈ ਜਿਸ ਵਿਚ ਰਾਸ਼ਟਰਮੰਡਲ ਖੇਡਾਂ ਤੇ ਏਸ਼ਿਆਈ ਖੇਡਾਂ ਵੀ ਹੋਣੀਆਂ ਹਨ।ਸੱਤਵਾਂ ਦਰਜਾ ਸਿੰਧੂ ਆਪਣੀ ਮੁਹਿੰਮ ਦੀ ਸ਼ੁਰੂਆਤ ਥਾਈਲੈਂਡ ਦੀ ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰਨ ਬੁਸਾਨਨ ਓਂਗਬਾਮਰੁੰਗਫਾਨ ਖ਼ਿਲਾਫ਼ ਕਰੇਗੀ।
ਚੰਗੀ ਲੈਅ ਵਿਚ ਚੱਲ ਰਹੇ ਲਕਸ਼ੇ ਨੇ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਇਆ ਹੈ। ਉਨ੍ਹਾਂ ਨੇ ਸਪੇਨ ਦੇ ਹੁਏਲਵਾ ਵਿਚ ਕਾਂਸੇ ਦਾ ਮੈਡਲ ਤੇ ਫਿਰ ਜਵਨਰੀ ਵਿਚ ਇੰਡੀਆ ਓਪਨ ਦਾ ਖ਼ਿਤਾਬ ਜਿੱਤਿਆ ਹੈ। ਪਿਛਲੇ ਮਹੀਨੇ ਮਲੇਸ਼ੀਆ ਵਿਚ ਏਸ਼ਿਆਈ ਟੀਮ ਚੈਂਪੀਅਨਸ਼ਿਪ ਵਿਚ ਭਾਰਤੀ ਮੁਹਿੰਮ ਵਿਚ ਸਿਰਫ਼ ਉਹੀ ਅਸਰਦਾਰ ਪ੍ਰਦਰਸ਼ਨ ਕਰ ਸਕੇ। ਲਕਸ਼ੇ ਨੇ ਪਹਿਲੇ ਗੇੜ ਵਿਚ ਥਾਈਲੈਂਡ ਦੇ ਕੇਂਤਾਫੋਨ ਵੇਂਗਚਾਰੋਨ ਖ਼ਿਲਾਫ਼ ਖੇਡਣਾ ਹੈ। ਦੂਜੇ ਪਾਸੇ ਕੋਰੋਨਾ ਕਾਰਨ ਇੰਡੀਆ ਓਪਨ ਚੋਂ ਬਾਹਰ ਰਹੇ ਸ਼੍ਰੀਕਾਂਤ ਨੇ ਇਸ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਕੀਤੀ ਤੇ ਹੁਣ ਲੈਅ ਹਾਸਲ ਕਰਨ ਲਈ ਬੇਤਾਬ ਹੋਣਗੇ। ਇਸ ਅੱਠਵਾਂ ਦਰਜਾ ਭਾਰਤੀ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਫਰਾਂਸ ਦੇ ਬ੍ਰਾਈਸ ਲੇਵਰਡੇਜ ਦਾ ਸਾਹਮਣਾ ਕਰਨਾ ਹੈ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਐੱਚਐੱਸ ਪ੍ਰਣਯ ਨੇ ਵਿਸ਼ਵ ਚੈਂਪੀਅਨਸ਼ਿਪ, ਇੰਡੀਆ ਓਪਨ ਤੇ ਸਈਅਦ ਮੋਦੀ ਅੰਤਰਰਾਸ਼ਟਰੀ ਦੇ ਰੂਪ ਵਿਚ ਲਗਾਤਾਰ ਤਿੰਨ ਟੂਰਨਾਮੈਂਟਾਂ ਦੇ ਆਖ਼ਰੀ ਅੱਠ ਵਿਚ ਥਾਂ ਬਣਾਈ। ਉਨ੍ਹਾਂ ਨੂੰ ਜਰਮਨੀ ਓਪਨ ਦੇ ਪਹਿਲੇ ਹੀ ਗੇੜ ਵਿਚ ਸੱਤਵਾਂ ਦਰਜਾ ਐੱਨਜੀ ਕਾ ਲੋਂਗ ਏਂਗਸ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਜੀਆ ਮਿਨ ਖ਼ਿਲਾਫ਼ ਪਹਿਲਾ ਮੁਕਾਬਲਾ ਖੇਡੇਗੀ ਸਾਇਨਾ ਨੇਹਵਾਲ
ਪਿਛਲੇ ਕੁਝ ਸਮੇਂ ਵਿਚ ਸੱਟ ਤੇ ਬਿਮਾਰੀ ਨਾਲ ਪਰੇਸ਼ਾਨ ਰਹੀ ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਸਿੰਗਾਪੁਰ ਦੀ ਯੀਓ ਜੀਆ ਮਿਨ ਖ਼ਿਲਾਫ਼ ਕਰੇਗੀ। ਪਿੰਨੀ ਦੀ ਸੱਟ ਤੋਂ ਬਾਅਦ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਕਰਨ ਵਾਲੇ ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਯਪ ਨੇ ਪਹਿਲੇ ਗੇੜ ਵਿਚ ਥਾਈਲੈਂਡ ਦੇ ਨੌਜਵਾਨ ਸਟਾਰ ਕੁਨਲਾਵੁਤ ਵਿਤਿਦਸਾਰਨ ਨਾਲ ਭਿੜਨਾ ਹੈ। ਉਥੇ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਰਾਸ਼ਟਰਮੰਡਲ ਖੇਡਾਂ ਦੀ ਸਿਲਵਰ ਮੈਡਲ ਜੋੜੀ ਨੇ ਮਰਦ ਡਬਲਜ਼ ਦੇ ਪਹਿਲੇ ਗੇੜ ਵਿਚ ਚੀਨ ਦੇ ਲਿਊ ਯੂ ਚੇਨ ਤੇ ਪਓਊ ਸ਼ੁਆਨ ਯੀ ਦੀ ਜੋੜੀ ਦਾ ਸਾਹਮਣਾ ਕਰਨਾ ਪਵੇਗਾ ਜਦਕਿ ਧਰੁਵ ਕਪਿਲਾ ਤੇ ਐੱਮਆਰ ਅਰਜੁਨ ਆਪਣੀ ਮੁਹਿੰਮ ਓਂਗ ਯੇਊ ਸਿਨ ਤੇ ਤੀਓ ਈ ਯੀ ਦੀ ਸਿੰਗਾਪੁਰ ਦੀ ਛੇਵਾਂ ਦਰਜਾ ਜੋੜੀ ਖ਼ਿਲਾਫ਼ ਸ਼ੁਰੂ ਕਰਨਗੇ। ਮਹਿਲਾ ਡਬਲਜ਼ ਵਿਚ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦਾ ਸਾਹਮਣਾ ਨਾਮੀ ਮਾਮਸੁਯਾਮਾ ਤੇ ਚਿਹਾਰੂ ਸ਼ਿਦਾ ਦੀ ਜਾਪਾਨ ਦੀ ਪੰਜਵਾਂ ਦਰਜਾ ਜੋੜੀ ਨਾਲ ਹੋਵੇਗਾ।