ਭਾਰਤ ਦੇ ਯੁਵਾ ਗਰੈਂਡ ਮਾਸਟਰ ਰਮੇਸ਼ਬਾਬੂ ਪ੍ਰਗਨਾਨੰਦ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐੱਫਟੀਐਕਸ ਕ੍ਰਿਪਟੋ ਕੱਪ ਦੇ ਤੀਜੇ ਗੇੜ ਵਿਚ ਹੈਂਸ ਨੀਮਨ ਨੂੰ 2.5-1.5 ਨਾਲ ਹਰਾ ਕੇ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਇਹ 17 ਸਾਲਾ ਭਾਰਤੀ ਖਿਡਾਰੀ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਦੇ ਨਾਲ ਸੂਚੀ ਵਿਚ ਸਿਖਰ ’ਤੇ ਬਣਿਆ ਹੋਇਆ ਹੈ। ਇਨ੍ਹਾਂ ਦੇ ਬਰਾਬਰ ਨੌਂ ਅੰਕ ਹਨ।
ਕਾਰਲਸਨ ਨੇ ਇਕ ਹੋਰ ਮੁਕਾਬਲੇ ਵਿਚ ਲੇਵੋਨ ਆਰੋਨੀਅਨ ਨੂੰ 2.5-1.5 ਨਾਲ ਹਰਾਇਆ। ਪ੍ਰਗਨਾਨੰਦ ਨੇ ਪਹਿਲੀ ਬਾਜ਼ੀ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਦੂਜੀ ਤੇ ਚੌਥੀ ਬਾਜ਼ੀ ਵਿਚ ਜਿੱਤ ਹਾਸਲ ਕਰ ਕੇ ਤਿੰਨ ਅੰਕ ਹਾਸਲ ਕੀਤੇ। ਤੀਜੀ ਬਾਜ਼ੀ ਡਰਾਅ ਰਹੀ ਸੀ। ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਅਲੀਰੇਜਾ ਫਿਰੋਜ਼ਾ ’ਤੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਪ੍ਰਗਨਾਨੰਦ ਨੇ ਦੂਜੇ ਗੇੜ ਵਿਚ ਅਨੀਸ਼ ਗਿਰੀ ਨੂੰ ਹਰਾਇਆ ਸੀ। ਤੀਜੇ ਗੇੜ ਦੇ ਹੋਰ ਮੁਕਾਬਲਿਆਂ ਵਿਚ ਫਿਰੋਜ਼ਾ ਨੇ ਗਿਰੀ ਨੂੰ ਟਾਈ ਬ੍ਰੇਕਰ ਵਿਚ 4-3 ਨਾਲ ਹਰਾਇਆ ਜਦਕਿ ਚੀਨ ਦੇ ਕਵਾਂਗ ਲੀਮ ਲੇ ਨੇ ਪੋਲੈਂਡ ਦੇ ਯਾਨ ਕ੍ਰਿਜੀਸਤੋਫ ਡੂਡਾ 2.5-1.5 ਨਾਲ ਹਰਾਇਆ। ਆਰੋਨੀਅਨ ਤੇ ਫਿਰੋਜ਼ਾ ਦੇ ਪੰਜ-ਪੰਜ ਅੰਕ ਹਨ ਤੇ ਉਹ ਕਾਰਲਸਨ ਤੇ ਪ੍ਰਗਨਾਨੰਦ ਤੋਂ ਪਿੱਛੇ ਹਨ। ਡੂਡਾ ਦੇ ਚਾਰ ਅੰਕ ਹਨ।