ਨਜ਼ਦੀਕੀ ਪਿੰਡ ਪਿਆਰੇਆਣਾ ਵਿਖੇ ਇਕ ਨੌਜਵਾਨ ਪੁੱਤਰ ਵੱਲੋਂ ਵਹਿਸ਼ੀਆਨਾ ਢੰਗ ਨਾਲ ਆਪਣੇ ਪਿਓ ਨੂੰ ਕਤਲ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਕਤਲ ਦਾ ਮੰਜ਼ਰ ਇਸ ਕਦਰ ਖ਼ੌਫ਼ਨਾਕ ਸੀ ਕਿ ਹਰ ਪਾਸੇ ਜਿਥੇ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ ਉਥੇ ਮ੍ਰਿਤਕ ਦੇ ਸਰੀਰ ‘ਤੇ ਕਿਰਪਾਨ ਦੇ 20 ਤੋਂ ਵੱਧ ਫੱਟ ਨਜ਼ਰ ਆ ਰਹੇ ਸਨ। ਪੁੱਤ ਦੀ ਸਨਕ ਦਾ ਆਲਮ ਇਹ ਸੀ ਕਿ ਜਾਨ ਬਚਾਉਣ ਲਈ ਗਲੀ ਵਿੱਚ ਭੱਜੇ ਆਪਣੇ ਪਿਤਾ ਨੂੰ ਘੜੀਸ ਕੇ ਉਸ ਦੇ ਸਰੀਰ ਵਿੱਚ ਕਈ ਥਾਵਾਂ ਤੋਂ ਕਿਰਪਾਨ ਸ਼ਰੀਰ ਦੇ ਆਰ ਪਾਰ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਮੌਕੇ ਤੋਂ ਫ਼ਰਾਰ ਹੋ ਗਿਆ। ਇਤਲਾਹ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲੀਸ ਵੱਲੋਂ ਲੋੜੀਂਦੀ ਕਾਰਵਾਈ ਕਰਨ ਮਗਰੋਂ ਲਾਸ਼ ਨੂੰ ਪੋਸਟਮਾਰਟਮ ਵਾਸਤੇ ਸਥਾਨਕ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਮਿ੍ਤਕ ਦੀ ਪਛਾਣ 42 ਸਾਲਾ ਗੁਰਮੁਖ ਸਿੰਘ ਵਜੋਂ ਹੋਈ ਹੈ ਜੋ ਕਰੀਬ ਤਿੰਨ ਮਹੀਨਿਆਂ ਬਾਅਦ ਕੰਬਾਈਨ ਦੇ ਕੰਮ ਤੋਂ ਘਰ ਵਾਪਸ ਆਇਆ ਸੀ।
ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ 11 ਵਜੇ ਗੁਰਮੁਖ ਸਿੰਘ ਦੇ 21 ਸਾਲਾ ਲੜਕੇ ਗੁਰਸੇਵਕ ਸਿੰਘ ਨੇ ਬੜੀ ਬੇਰਹਿਮੀ ਨਾਲ ਆਪਣੇ ਪਿਤਾ ਨੂੰ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਦੱਸਿਆ ਕਿ ਗੁਰਸੇਵਕ ਸਿੰਘ ਅੰਮ੍ਰਿਤਧਾਰੀ ਸੀ। ਭਾਵੇਂ ਉਹ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ ਪਰ ਪਾਗਲਪਨ ਦੀ ਹੱਦ ਤਕ ਗਰਮ ਸੁਭਾਅ ਦਾ ਮਾਲਕ ਸੀ। ਗੱਲ-ਗੱਲ ‘ਤੇ ਉਹ ਲੋਕਾਂ ਨੂੰ ਕ੍ਰਿਪਾਨ ਵਿਖਾ ਕੇ ਇਹੀ ਧਮਕੀ ਦਿਆ ਕਰਦਾ ਸੀ ਕਿ,” ਆਹ ਤਿੰਨ ਫੁੱਟੀ ਵੇਖੀ ਏ, ਆਰ-ਪਾਰ ਕਰ ਦਿਆਂਗਾ।”ਘਟਨਾ ਤੋਂ ਪਹਿਲਾਂ ਉਹ ਆਪਣੇ ਮਾਤਾ-ਪਿਤਾ ਨਾਲ ਘਰ ‘ਚ ਸੀ। ਮ੍ਰਿਤਕ ਗੁਰਮੁਖ ਸਿੰਘ ਕੰਬਾਈਨ ਚਲਾਉਂਦਾ ਸੀ ਅਤੇ ਸੀਜ਼ਨ ਦੌਰਾਨ ਕਣਕ ਦੀ ਵਾਢੀ ਕਰਨ ਲਈ ਬਾਹਰ ਗਿਆ ਹੋਇਆ ਸੀ। ਚਾਰ ਦਿਨ ਪਹਿਲਾਂ ਹੀ ਪਿੰਡ ਪਰਤਿਆ ਸੀ। ਗੁਰਮੁਖ ਦੇ ਦੋ ਪੁੱਤਰ ਹਨ। ਛੋਟਾ ਲੜਕਾ ਕੰਮ ਕਾਰਨ ਰਾਜਸਥਾਨ ਰਹਿੰਦਾ ਹੈ ਅਤੇ ਗੁਰਸੇਵਕ ਉਸ ਦੇ ਕੋਲ ਪਿੰਡ ਪਿਆਰੇਆਣਾ ਰਹਿੰਦਾ ਸੀ। ਪਿੰਡ ਵਾਸੀਆਂ ਅਨੁਸਾਰ ਗੁਰਸੇਵਕ ਨੇ ਆਪਣੇ ਪਿਤਾ ਨੂੰ ਇਸ ਕਦਰ ਬੇਰਹਿਮੀ ਨਾਲ ਵੱਢਿਆ ਕਿ ਸਿਰ ਤੋਂ ਮੋਢਿਆਂ ਤੱਕ, ਪੇਟ ਤੇ ਹੱਥਾਂ ਦੀਆਂ ਉਂਗਲਾਂ ਵੀ ਕੱਟ ਦਿੱਤੀਆਂ ਗਈਆਂ, ਕਿਰਪਾਨ ਦੇ ਇੱਕੋ ਵਾਰ ਨਾਲ ਬਾਂਹ ਵੀ ਅਲੱਗ ਕਰ ਦਿੱਤੀ ।
ਕਤਲ ਦਾ ਕਾਰਨ ਨਹੀਂ ਆਇਆ ਸਾਹਮਣੇ
ਭਾਵੇਂ ਮ੍ਰਿਤਕ ਗੁਰਮੁਖ ਸਿੰਘ ਦੇ ਕਤਲ ਸਬੰਧੀ ਪਿੰਡ ਵਾਸੀਆਂ ਨੇ ਚੁੱਪ ਵੱਟੀ ਹੋਈ ਸੀ ਪਰ ਕਿਤੇ ਨਾ ਕਿਤੇ ਦੱਬੀ ਜ਼ੁਬਾਨ ਵਿੱਚ ਉਹ ਇਸ ਵਿੱਚ ਗੁਰਮੁਖ ਸਿੰਘ ਦੀ ਪਤਨੀ ਦੀ ਸ਼ਮੂਲੀਅਤ ਵੱਲ ਵੀ ਇਸ਼ਾਰਾ ਕਰ ਰਹੇ ਸਨ। ਗੁਰਮੁਖ ਦੇ ਸੁਭਾਅ ਦੀ ਸ਼ਾਹਦੀ ਭਰਦੇ ਪਿੰਡ ਵਾਸੀਆਂ ਨੇ ਆਖਿਆ ਕਿ ਉਹ ਬਹੁਤ ਹੀ ਚੰਗਾ ਇਨਸਾਨ ਸੀ।
ਮ੍ਰਿਤਕ ਦੀ ਪਤਨੀ ਤੇ ਪੁੱਤਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
ਦੇਰ ਸ਼ਾਮ ਥਾਣਾ ਕੁਲਗੜ੍ਹੀ ਪੁਲੀਸ ਨੇ ਮ੍ਰਿਤਕ ਗੁਰਮੁਖ ਸਿੰਘ ਦੇ ਭਰਾ ਕੁਲਬੀਰ ਸਿੰਘ ਦੀ ਸ਼ਿਕਾਇਤ ’ਤੇ ਗੁਰਮੁੱਖ ਦੀ ਪਤਨੀ ਜਸਵਿੰਦਰ ਕੌਰ ਅਤੇ ਪੁੱਤਰ ਗੁਰਸੇਵਕ ਸਿੰਘ ਖ਼ਿਲਾਫ਼ ਜ਼ੇਰੇ ਦਫ਼ਾ 302,34 ਆਈਪੀਸੀ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਕੁਲਗੜ੍ਹੀ ਪੁਲੀਸ ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।