ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ (Dr. Gurpreet Kaur) ਦੇ ਨਾਂ ‘ਤੇ ਬਣਿਆ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ। ਇਸ ਤੋਂ ਬਾਅਦ ਲੋਕ ਗੁਰਪ੍ਰੀਤ ਕੌਰ ਨੂੰ ਸਰਚ ਕਰਨ ਲੱਗੇ। ਇਨ੍ਹਾਂ ਵਿਚ ਇਕ ਅਕਾਊਂਟ ਦਿਸਿਆ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਡਾ. ਗੁਰਪ੍ਰੀਤ ਕੌਰ ਦਾ ਅਕਾਊਂਟ ਹੈ। ਇਸ ਅਕਾਊਂਟ ਤੋਂ ਵਿਆਹ ਤੋਂ ਕੁਝ ਸਮਾਂ ਪਹਿਲਾਂ ਟਵਿੱਟਰ ‘ਤੇ ਫੋਟੋ ਵੀ ਸ਼ੇਅਰ ਕੀਤੀ ਗਈ।
ਇਸ ਅਕਾਊਂਟ ਤੋਂ ਬੀਤੇ ਦਿਨੀਂ ਡਾ. ਗੁਰਪ੍ਰੀਤ ਕੌਰ ਨੇ ਭਗਵੰਤ ਮਾਨ ਤੇ ਉਨ੍ਹਾਂ ਦੀ ਮਾਂ ਹਰਪਾਲ ਕੌਰ ਨਾਲ ਟਵਿੱਟਰ ‘ਤੇ ਫੋਟੋ ਵੀ ਸ਼ੇਅਰ ਕੀਤੀ। ਇਸ ਤੋਂ ਪਹਿਲਾਂ ਅਕਾਊਂਟ ਹੋਲਡਰ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਦਿਨ ਸ਼ਗਨਾ ਦਾ ਚੜਿਆ…। ਹਾਲਾਂਕਿ ਇਹ ਅਕਾਊਂਟ ਭਗਵੰਤ ਮਾਨ ਦੀ ਪਤਨੀ ਦਾ ਸੀ ਜਾਂ ਫਿਰ ਫੇਕ ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਦੱਸ ਦਈਏ ਕਿ ਗੁਰਪ੍ਰੀਤ ਕੌਰ ਦਾ ਵਿਆਹ ਬੀਤੇ ਦਿਨੀਂ ਭਗਵੰਤ ਮਾਨ ਨਾਲ ਸਿੱਖ ਪਰੰਪਰਾ (ਆਨੰਦ ਕਾਰਜ) ਅਨੁਸਾਰ ਹੋਇਆ ਸੀ। ਗੁਰਪ੍ਰੀਤ ਕੌਰ ਮੂਲ ਰੂਪ ਤੋਂ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੀ ਰਹਿਣ ਵਾਲੀ ਹਨ। ਵਿਆਹ ਸਮਾਗਮ ‘ਚ ਦੋਵਾਂ ਪਰਿਵਾਰਾਂ ਦੇ ਸੀਮਤ ਰਿਸ਼ਤੇਦਾਰਾਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਜੇ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਅਤੇ ਉੱਘੇ ਗੀਤਕਾਰ ਮਾਨ ਮਰਾੜਾਂਵਾਲਾ ਵੀ ਹਾਜ਼ਰ ਸਨ।
ਗੁਰਪ੍ਰੀਤ ਕੌਰ ਐਮਬੀਬੀਐਸ ਡਾਕਟਰ ਹਨ। ਉਹ ਮੌਜੂਦਾ ਸਮੇਂ ਪਟਿਆਲਾ ਦੇ ਰਾਜਪੁਰਾ ‘ਚ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਨੱਤ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਬਲਾਕ ਦੇ ਪਿੰਡ ਮਦਨਪੁਰ ਦੇ ਸਰਪੰਚ ਰਹਿ ਚੁੱਕੇ ਹਨ। ਪਿਤਾ ਪਰਿਵਾਰ ਸਮੇਤ ਮੋਹਾਲੀ ਰਹਿੰਦੇ ਹਨ। ਡਾ. ਗੁਰਪ੍ਰੀਤ ਕੌਰ ਦੀਆਂ ਦੋ ਵੱਡੀਆਂ ਭੈਣਾਂ ਹਨ। ਇਕ ਅਮਰੀਕਾ ਤੇ ਦੂਜੀ ਆਸਟ੍ਰੇਲੀਆ ‘ਚ ਰਹਿੰਦੀਆਂ ਹਨ।