ਵਾਅਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਧਰਮਸ਼ਾਲਾ ‘ਚ ਆਈਪੀਐੱਲ ਦਾ ਮੈਚ ਸੀ। ਇਸ ਦੌਰਾਨ ਸੀਐੱਮ ਮਾਨ ਵੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਕਿੰਗਜ਼ ਦਾ ਖਿਡਾਰੀ ਜਸਇੰਦਰ ਸਿੰਘ ਮਿਲਿਆ।
ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 2 ਵਜੇ ਖੁਲਾਸਾ ਕਰਨਗੇ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੇ ਇੱਕ ਕ੍ਰਿਕਟਰ ਨੂੰ ਨੌਕਰੀ ਦੇਣ ਦੇ ਨਾਂ ‘ਤੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਸ ਖਿਡਾਰੀ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਨੌਕਰੀ ਲਈ ਬੇਨਤੀ ਕੀਤੀ ਸੀ ਪਰ ਕੈਪਟਨ ਨੇ ਨੌਕਰੀ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਨੇ ਚੰਨੀ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਉਨ੍ਹਾਂ ਨੂੰ 31 ਮਈ ਨੂੰ ਦੁਪਹਿਰ 2 ਵਜੇ ਤਕ ਮੌਕਾ ਦੇਣਗੇ ਕਿ ਉਹ ਉਨ੍ਹਾਂ ਦੇ ਭਾਣਜੇ ਵੱਲੋਂ ਨੌਕਰੀ ਲਈ ਖਿਡਾਰੀ ਤੋਂ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰ ਦੇਣ। ਜੇਕਰ ਉਹ ਅਜਿਹਾ ਕਰਨ ‘ਚ ਅਸਫਲ ਰਹਿੰਦੇ ਹਨ ਤਾਂ 31 ਮਈ ਨੂੰ ਮਾਨ ਖ਼ੁਦ ਦੁਪਹਿਰ 2 ਵਜੇ ਫੋਟੋ ਤੇ ਨਾਂ ਜਨਤਕ ਕਰਨਗੇ। ਉਧਰ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ‘ਤੇ ਪਲਟਵਾਰ ਕਰਦਿਆਂ ਕਿਹਾ ਸੀ ਕਿ 31 ਮਈ ਤਕ ਇੰਤਜ਼ਾਰ ਕਰਨ ਦੀ ਲੋੜ ਨਹੀਂ, ਜੇਕਰ ਨਾਂ ਹੈ ਤਾਂ ਜਨਤਕ ਕੀਤਾ ਜਾਵੇ। ਚੰਨੀ ਨੇ ਕਿਹਾ ਸੀ ਕਿ ਇਹ ਦੋਸ਼ ਬੇਬੁਨਿਆਦ ਹਨ। ਹੋ ਸਕਦਾ ਹੈ ਕਿ ਕਿਸੇ ਖਿਡਾਰੀ ਨੇ ਉੰਝ ਹੀ ਫੋਟੋ ਕਲਿੱਕ ਕਰਵਾਈ ਹੋਵੇ।
ਇਸ ਦੌਰਾਨ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਅਨੁਸਾਰ ਇਹ ਮਾਮਲਾ ਜਲਦੀ ਹੀ ਵਿਜੀਲੈਂਸ ਨੂੰ ਸੌਂਪ ਦਿੱਤਾ ਜਾਵੇਗਾ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਰਿਸ਼ਵਤਖੋਰੀ ਵਿਚ ਚੰਨੀ ਤੇ ਉਨ੍ਹਾਂ ਦੇ ਭਾਣਜੇ ਦੀ ਕੋਈ ਗੱਠਜੋੜ ਹੈ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ‘ਚ ਤੇਜ਼ ਗੇਂਦਬਾਜ਼ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਪੰਜਾਬ ਦੇ ਇਸ ਕ੍ਰਿਕਟਰ ਨੇ ਦੋਸ਼ ਲਾਇਆ ਸੀ ਕਿ ਨੌਕਰੀ ਦਿਵਾਉਣ ਦੇ ਬਦਲੇ ਉਸ ਤੋਂ ਦੋ ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ।
ਸੀਐੱਮ ਮਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਵੱਲੋਂ ਸੂਬੇ ਦੇ ਇਕ ਕ੍ਰਿਕਟਰ ਤੋਂ ਦੋ ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਦੀ ਜਲਦੀ ਹੀ ਜਾਂਚ ਵਿਜੀਲੈਂਸ ਨੂੰ ਸੌਂਪਣ ਦੇ ਸੰਕੇਤ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੰਭਵ ਹੈ ਕਿ ਚੰਨੀ ਦੇ ਭਾਣਜੇ ਤੇ ਭਤੀਜੇ ਉਨ੍ਹਾਂ ਨੂੰ ਦੱਸੇ ਬਿਨਾਂ ਅਜਿਹੇ ਕੰਮ ਕਰਦੇ ਰਹੇ ਹੋਣ, ਤਾਂਹੀ ਤਾਂ ਉਨ੍ਹਾਂ ਦੇ ਘਰੋਂ 8-8 ਕਰੋੜ ਰੁਪਏ ਨਿਕਲਦੇ ਰਹੇ ਹਨ।