Punjab

CM ਮਾਨ ਸਾਹਿਬ ਪੰਜਾਬ ਨੂੰ ਕੇਜਰੀਵਾਲ ਦੇ ਹੱਥਾਂ ‘ਚ ਨਾ ਸੌਂਪ ਦਿਓ ਤੇ ਆਪਣੇ ਸੂਬੇ ‘ਚ ਲੋਕਾਂ ਲਈ ਕੰਮ ਕਰੋ : ਬੀਬੀ ਬਾਦਲ

ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਵੇਲੇ ਪੰਜ ਕੁ ਮਹੀਨੇ ਪਹਿਲਾਂ ਤੇ ਨਵੀਂ ਬਣੀ ਹੁਣ ‘ਆਪ’ ਸਰਕਾਰ ਨੇ ਗਰੀਬ ਲੋਕਾਂ ਦੇ ਇਲਾਜ ਲਈ ਚੱਲ ਰਹੀ ਆਯੂਸ਼ਮਾਨ ਦੀ ਸਕੀਮ ਨੂੰ ਬੰਦ ਕਰ ਦਿੱਤਾ ਹੈ ਜਿਸ ਦਾ ਕਰੋੜਾਂ ਲੋਕ ਲਾਭ ਲੈ ਰਹੇ ਸਨ। ਗਰੀਬ ਵਿਅਕਤੀਆਂ ਕੋਲ ਪੈਸੇ ਨਹੀਂ ਹੁੰਦੇ ਜਿਸ ਕਾਰਨ ਮੌਤ ਹੋ ਜਾਂਦੀ ਹੈ। ਜੇਕਰ ਕੇਂਦਰ ਸਰਕਾਰ 5 ਲੱਖ ਤੱਕ ਦੇ ਇਲਾਜ ਲਈ ਪੈਸੇ ਦੇ ਰਹੀ ਹੈ ਤਾਂ ਸੂਬੇ ਦੀ ਸਰਕਾਰ ਘੱਟ ਤੋ ਘੱਟ ਇਸ ਸਕੀਮ ‘ਚ ਆਪਣਾ ਹਿੱਸਾ ਪਾ ਕੇ ਲਾਭਪਾਤਰੀਆਂ ਨੂੰ ਫ਼ਾਇਦਾ ਵੀ ਨਹੀਂ ਪਹੁੰਚਾ ਸਕਦੀ ਜੋ ਕਿ ਦੁੱਖ ਦੀ ਗੱਲ ਹੈ।

ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਬੱਚਤ ਭਵਨ ’ਚ ਜ਼ਿਲ੍ਹਾ ਪੱਧਰੀ ਵਿਕਾਸ ਤੇ ਨਿਗਰਾਨ ਕਮੇਟੀ (ਦਿਸ਼ਾ) ਦੀ ਮੀਟਿੰਗ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਇਕ ਪਾਸੇ ਆਯੂਸ਼ਮਾਨ ਸਕੀਮ ਨੂੰ ਚਲਾਉਣ ਵਿਚ ‘ਆਪ’ ਸੂਬਾ ਸਰਕਾਰ ਅਸਫ਼ਲ ਹੋਈ ਹੈ ਜਦੋਂਕਿ ਦੂਜੇ ਪਾਸੇ ਹਸਪਤਾਲਾਂ ਵਿਚ ਦਵਾਈਆਂ ਦੀ ਘਾਟ ਹੈ ਅਤੇ ਦਵਾਈਆਂ ਮਰੀਜ਼ਾਂ ਨੂੰ ਹਸਪਤਾਲਾਂ ’ਚੋਂ ਪੂਰ੍ਹੀਆਂ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਮਾਨਸਾ ਹਲਕੇ ‘ਚੋਂ ਜਿੱਤੇ ਡਾ. ਵਿਜੇ ਸਿੰਗਲਾ ਜੋ ਕਿ ਸਿਹਤ ਮੰਤਰੀ ਹਨ ਪਰ ਮਾਨਸਾ ਜਿੱਥੇ ਕੋਈ ਵੀ ਵੈਂਟੀਲੇਟਰ ਨਹੀਂ ਹੈ। ਸਿਹਤ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਘੱਟ ਤੋਂ ਘੱਟ ਇਕ ਵੈਂਟੀਲੇਟਰ ਐਂਬੂਲੈਂਸ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਮਰੀਜ਼ ਨੂੰ ਸਹੀ ਸਲਾਮਤ ਚੰਡੀਗੜ੍ਹ ਜਾਂ ਹੋਰ ਜਗ੍ਹਾ ਇਲਾਜ ਲਈ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਵੀ ਇਸ ਲਈ ਪੈਸੇ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਕੇਂਦਰ ’ਤੇ ਦਬਾਅ ਪਾ ਸਕਦੇ ਹਨ ਤੇ ਡਾ. ਸਿੰਗਲਾ ਸਿਹਤ ਮੰਤਰੀ ਹਨ ਉਹ ਆਪਣੀ ਸੂਬਾ ਸਰਕਾਰ ’ਤੇ ਦਬਾਅ ਪਾਉਣ ਤਾਂ ਸਹੂਲਤਾਂ ਵਧੇਰੀਆਂ ਆ ਜਾਣਗੀਆਂ ਅਤੇ ਰਲ ਮਿਲ ਕੇ ਕੰਮ ਕੀਤਾ ਜਾਵੇ। ਪਰ ‘ਆਪ’ ਲਗਾਤਾਰ ਵਿਵਾਦਾਂ ’ਚ ਘਿਰ ਰਹੀ ਹੈ ਤੇ ਵਾਅਦੇ ਅਜੇ ਪੂਰ੍ਹੇ ਨਹੀਂ ਕੀਤੇ ਗਏ।ਔਰਤਾਂ ਨੂੰ 1 ਹਜ਼ਾਰ ਰੁਪਏ ਦੇਣਾ, 300 ਯੂਨਿਟ ਮੁਆਫ਼ ਕਰਨ ਦੇ ਵਾਅਦਿਆਂ ਦੇ ਪੂਰੇ ਹੋਣ ਦਾ ਲੋਕ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਬੁਲਾਉਣਾ ਬੰਦ ਕਰਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਤੇ ਕੈਬਨਿਟ ਮੰਤਰੀਆਂ ਨੂੰ ਇਹ ਵੀ ਕਹਿੰਦੇ ਹਨ ਕਿ ਕਦੇ ਪੰਜਾਬ ਨੂੰ ਕੇਜਰੀਵਾਲ ਦੇ ਹੱਥਾਂ ’ਚ ਨਾ ਸੌਂਪ ਦਿਓ। ਲੋਕਾਂ ਨੇ ਬਹੁਤ ਵੱਡਾ ਫ਼ਤਵਾ ਦਿੱਤਾ ਹੈ। ਲੋਕਾਂ ਲਈ ਕੰਮ ਕਰੋ ਤੇ ਪੰਜ ਸਾਲ ਤਾਂ ਜਲਦ ਹੀ ਲੰਘ ਜਾਂਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤੰਝ ਕੱਸਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਉਹ ਕਹਿੰਦੇ ਸੀ ਕਿ ਜੇ ਪੰਜਾਬ ’ਚ ਇਮਾਨਦਾਰ ਮੁੱਖ ਮੰਤਰੀ ਹੋਵੇ ਤਾਂ 10 ਦਿਨਾਂ ’ਚ ਨਸ਼ਾ ਖ਼ਤਮ ਹੋ ਜਾਵੇ ਪਰ ਹੁਣ ਆਪ ਦੀ ਸਰਕਾਰ ਬਣੇ ਨੂੰ 60 ਦਿਨ ਹੋ ਚੁੱਕੇ ਹਨ ਪਰ ਰੋਜ਼ਾਨਾ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।

ਬਿਜਲੀ ਦੀ ਘਾਟ ਕਾਰਨ ਕਿਸਾਨ ਔਖਾ ਹੈ। ਚੰਨੀ ਵਾਂਗ ਨਿੱਤ ਨਵੇਂ ਐਲਾਨ ਮਾਨ ਸਾਹਿਬ ਕਰ ਰਹੇ ਹਨ। ਭ੍ਰਿਸ਼ਟਾਚਾਰ ਸਬੰਧੀ ਦਾਅਵੇ ਕੀਤੇ ਗਏ ਹਨ ਪਰ ਆਈਆਂ ਸ਼ਿਕਾਇਤਾਂ ਦਾ ਕੀ ਬਣਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਤੋਂ ਉਨ੍ਹਾਂ ਨੇ ਸਿੱਖਿਆ ਹੈ। ਸੰਗਤ ਦਰਸ਼ਨ ਕਰਕੇ ਲੋਕਾਂ ਨੂੰ ਮਿਲਦੇ ਰਹੇ ਹਾਂ। ਮਾਨ ਸਾਹਿਬ ਤੁਸੀੀਂ ਆਪਣੇ ਹਲਕੇ ਤੋਂ ਹੀ ਲੋਕਾਂ ਦੀਆਂ ਫ਼ਰਿਆਦਾਂ ਸੁਣਨੀ ਸ਼ੁਰੂ ਕਰ ਦਿਓ।

Related posts

Pakistan Monsoon Floods Kill Over 350 in Three Days, Thousands Displaced

Gagan Oberoi

SSENSE Seeks Bankruptcy Protection Amid US Tariffs and Liquidity Crisis

Gagan Oberoi

Trump Floats Idea of Canada as the 51st State During Tense Meeting with Trudeau Over Tariff Threats

Gagan Oberoi

Leave a Comment