ਕੈਨੇਡਾ ਦੇ ਟੋਰਾਂਟੋ ’ਚ ਐਤਵਾਰ ਦੇਰ ਰਾਤ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ ਹੜਕੰਪ ਮਚ ਗਿਆ। ਗੋਲ਼ੀਬਾਰੀ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ ਬੰਦੂਕਧਾਰੀ ਨੂੰ ਮਾਰਨ ਵਿਚ ਸਫਲਤਾ ਹਾਸਲ ਕੀਤੀ ਹੈ। ਯਾਰਕ ਖੇਤਰ ਦੇ ਪੁਲਿਸ ਮੁਖੀ ਜੇਮਸ ਮੈਕਸਵੀਨ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਅਧਿਕਾਰੀ ਨੇ ਸ਼ੱਕੀ ਵਿਅਕਤੀ ਨੂੰ ਕਾਨਡੋ ਵਿਚ ਗੋਲ਼ੀ ਮਾਰ ਦਿੱਤੀ।
ਵਿਸ਼ੇਸ਼ ਟੀਮ ਕਰ ਰਹੀ ਹੈ ਜਾਂਚ
ਮੈਕਸਵੀਨ ਨੇ ਕਿਹਾ ਕਿ ਇਕ ਹੋਰ ਵਿਅਕਤੀ ਨੂੰ ਸ਼ੱਕੀ ਨੇ ਗੋਲੀ ਮਾਰ ਦਿੱਤੀ ਸੀ ਅਤੇ ਉਹ ਹਸਪਤਾਲ ਵਿਚ ਹੈ। ਉਸ ਦੇ ਬਚਣ ਦੀ ਉਮੀਦ ਹੈ। ਮੈਕਸਵੀਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਹਮਲਾਵਰ ਇਮਾਰਤ ਦਾ ਰਹਿਣ ਵਾਲੀ ਸੀ ਜਾਂ ਨਹੀਂ। ਓਂਟਾਰੀਓ ਦੀ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਕਤੂਬਰ ਵਿਚ ਪੁਲਿਸ ਅਧਿਕਾਰੀਆਂ ਦੀ ਹੱਤਿਆ
ਕੈਨੇਡਾ ਵਿਚ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇੱਥੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਾਲ ਅਕਤੂਬਰ ਮਹੀਨੇ ਦੌਰਾਨ ਡਿਊਟੀ ਦੌਰਾਨ ਦੋ ਪੁਲਿਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਟੋਰਾਂਟੋ ਤੋਂ ਕਰੀਬ 100 ਕਿਲੋਮੀਟਰ ਦੂਰ ਇਨਿਸਫਿਲ ਸ਼ਹਿਰ ਵਿਚ ਵਾਪਰੀ ਸੀ।
ਵੈਨਕੂਵਰ ’ਚ ਫਾਇਰਿੰਗ
ਇਸੇ ਸਾਲ ਜੁਲਾਈ ਮਹੀਨੇ ਵਿਚ ਵੈਨਕੂਵਰ ਵਿਚ ਵੀ ਫਾਇਰਿੰਗ ਨਾਲ ਦਹਿਸ਼ਤ ਫੈਲ ਗਈ ਸੀ। ਇਸ ’ਚ 2 ਲੋਕਾਂ ਦੀ ਮੌਤ ਹੋ ਗਈ ਸੀ। ਜਵਾਬੀ ਗੋਲੀਬਾਰੀ ’ਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਸੀ।