ਸਰਦ ਰੁੱਤ ਓਲੰਪਿਕ ਖੇਡਾਂ ’ਚ ਹਿੱਸਾ ਲੈ ਰਹੇ ਭਾਰਤ ਦੇ ਇੱਕੋ-ਇਕ ਖਿਡਾਰੀ ਅਲਪਾਈਨ ਸਕੀਅਰ ਆਰਿਫ ਖ਼ਾਨ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ ਸਲੈਲਮ ਮੁਕਾਬਲੇ ਵਿਚ ਰੇਸ ਪੂਰੀ ਨਹੀਂ ਕਰ ਸਕੇ ਜਿਸ ਨਾਲ ਇਨ੍ਹਾਂ ਖੇਡਾਂ ਵਿਚ ਦੇਸ਼ ਦੀ ਮੁਹਿੰਮ ਦਾ ਨਿਰਾਸ਼ਾਜਨਕ ਅੰਤ ਹੋਇਆ।
ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ 31 ਸਾਲਾਂ ਦੇ ਆਰਿਫ ਜਾਇੰਟ ਸਲੈਲਮ ਵਿਚ ਐਤਵਾਰ ਨੂੰ 45ਵੇਂ ਸਥਾਨ ’ਤੇ ਰਹੇ ਸਨ, ਪਰ ਉਹ ਯਾਂਕਿੰਗ ਨੈਸ਼ਨਲ ਅਲਪਾਈਨ ਸਕੀਇੰਗ ਸੈਂਟਰ ’ਚ ਸਲੈਲਮ ਮੁਕਾਬਲੇ ’ਚ ਪਹਿਲੀ ਰੇਸ ਹੀ ਪੂਰੀ ਨਹੀਂ ਕਰ ਸਕੇ।
ਸਰਦ ਰੁੱਤ ਓਲੰਪਿਕ ’ਚ ਐਂਟਰੀ ਕਰ ਰਹੇ ਆਰਿਫ ਪਹਿਲੀ ਰੇਸ ਪੂਰੀ ਨਹੀਂ ਕਰ ਸਕਣ ਕਾਰਨ ਦੂਜੀ ਰੇਸ ਵਿਚ ਹਿੱਸਾ ਨਹੀਂ ਲੈ ਸਕੇ। ਇਸ ਮੁਕਾਬਲੇ ਵਿਚ 88 ਖਿਡਾਰੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਸਿਰਫ਼ 52 ਹੀ ਰੇਸ ਪੂਰੀ ਕਰ ਸਕੇ ਜਿਹੜੇ ਦੂਜੀ ਰੇਸ ਵਿਚ ਹਿੱਸਾ ਲੈਣਗੇ।
ਆਰਿਫ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ। ਉਨ੍ਹਾਂ ਪਹਿਲੇ ਪੜਾਅ ਨੂੰ 14.40 ਸਕਿੰਟ ਅਤੇ ਦੂਜੇ ਪੜਾਅ ਨੂੰ 34.24 ਸਕਿੰਟ ’ਚ ਪੂਰਾ ਕੀਤਾ, ਪਰ ਆਖ਼ਰੀ ਪੜਾਅ ਨੂੰ ਪੂਰਾ ਕਰਨ ਵਿਚ ਨਾਕਾਮ ਰਹੇ। ਆਸਟ੍ਰੀਆ ਨੇ ਯੋਹਾਨਸ ਸਟ੍ਰੋਲਜ 53.92 ਸਕਿੰਟ ਦੇ ਸਮੇਂ ਨਾਲ ਪਹਿਲੀ ਰੇਸ ਵਿਚ ਸਭ ਤੋਂ ਤੇਜ਼ ਸਕੀਅਰ ਸਨ। ਨਾਰਵੇ ਦੇ ਹੈਨਰਿਕ ਕ੍ਰਿਸਟੋਫਰਸਨ (53.94 ਸਕਿੰਟ) ਅਤੇ ਸੇਬੇਸਟੀਅਨ ਫਾਸ ਸਿਲੇਵਾਗ (53.98 ਸਕਿੰਟ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।
ਸਰਦ ਰੁੱਤ ਓਲੰਪਿਕ ਦੇ ਦੋ ਮੁਕਾਬਲਿਆਂ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਆਰਿਫ ਨੇ ਜਾਇੰਟ ਸਲੈਲਮ ਮੁਕਾਬਲੇ ਵਿਚ ਕੁਲ ਦੋ ਮਿੰਟ 47.24 ਸਕਿੰਟ ਦਾ ਸਮਾਂ ਕੱਢਿਆ ਸੀ ਅਤੇ ਉਹ 45ਵੇਂ ਸਥਾਨ ’ਤੇ ਰਹੇ ਸਨ।