ਚੀਨ ਦੇ ਹਾਂਗਝੋਊ ਵਿਚ ਨੌਂ ਤੋਂ 15 ਅਕਤੂਬਰ ਤਕ ਹੋਣ ਵਾਲੀਆਂ ਏਸ਼ਿਆਈ ਪੈਰਾ ਖੇਡਾਂ ਨੂੰ ਕੋਵਿਡ ਮਹਾਮਾਰੀ ਨਾਲ ਜੁੜੀਆਂ ਚਿੰਤਾਵਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਅਧਿਕਾਰਕ ਤੌਰ ‘ਤੇ ਇਸ ਦਾ ਐਲਾਨ ਕੀਤਾ। ਏਸ਼ਿਆਈ ਪੈਰਾਲੰਪਿਕ ਕਮੇਟੀ (ਏਪੀਸੀ) ਨੇ ਕਿਹਾ ਕਿ ਹਾਂਗਝੋਊ 2022 ਏਸ਼ਿਆਈ ਪੈਰਾ ਖੇਡ ਪ੍ਰਬੰਧਕੀ ਕਮੇਟੀ (ਐੱਚਏਪੀਜੀਓਸੀ) ਤੇ ਏਸ਼ਿਆਈ ਪੈਰਾਲੰਪਿਕ ਕਮੇਟੀ 2022 ਏਸ਼ਿਆਈ ਪੈਰਾ ਖੇਡਾਂ ਨੂੰ ਮੁਲਤਵੀ ਕਰਨ ਦਾ ਐਲਾਨ ਕਰਦੇ ਹਨ ਜੋ ਪਹਿਲਾਂ ਤੈਅ ਪ੍ਰਰੋਗਰਾਮ ਮੁਤਾਬਕ ਨੌਂ ਤੋਂ 15 ਅਕਤੂਬਰ 2022 ਤਕ ਹੋਣੀਆਂ ਸਨ। ਇਨ੍ਹਾਂ ਖੇਡਾਂ ਨੂੰ ਮੁਲਤਵੀ ਕੀਤਾ ਜਾਣਾ ਲਗਭਗ ਤੈਅ ਸੀ। ਦੋ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਹਾਂਗਝੋਊ ਏਸ਼ਿਆਈ ਖੇਡਾਂ ਨੂੰ ਵੀ ਮੁਲਤਵੀ ਕੀਤਾ ਗਿਆ ਸੀ ਜੋ ਕਿ 10 ਤੋਂ 25 ਸਤੰਬਰ ਤਕ ਹੋਣੀਆਂ ਸਨ। ਚੀਨ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਛੇ ਮਈ ਨੂੰ ਇਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।